View in English:
April 27, 2024 5:03 pm

ਚੰਡੀਗੜ੍ਹ ‘ਚ ਕੇਜਰੀਵਾਲ ਦੀ ਗਰੰਟੀ ਨੂੰ ਪੂਰਾ ਕਰਨ ਦੇ ਰਾਹ ‘ਤੇ ‘ਆਪ’ ਮੇਅਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਮਾਰਚ 12

ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਦੀ ਗਾਰੰਟੀ ਪੂਰੀ ਕਰ ਰਹੀ ਹੈ। ਚੰਡੀਗੜ੍ਹ ਦੇ ਲੋਕਾਂ ਨੂੰ ਮੁਫਤ 20,000 ਲੀਟਰ ਪਾਣੀ ਅਤੇ ਮੁਫਤ ਪਾਰਕਿੰਗ ਦੀ ਸਹੂਲਤ ਦਿੱਤੀ ਜਾਵੇਗੀ। ‘ਆਪ’ ਦੇ ਮੇਅਰ ਕੁਲਦੀਪ ਕੁਮਾਰ ਨੇ ਚੰਡੀਗੜ੍ਹ ਸਥਿਤ ‘ਆਪ’ ਪਾਰਟੀ ਦਫ਼ਤਰ ‘ਚ ਪ੍ਰੈੱਸ ਕਾਨਫਰੰਸ ਕਰਕੇ ਸਦਨ ਦੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ।

ਕੁਲਦੀਪ ਕੁਮਾਰ ਨੇ ਦੱਸਿਆ ਕਿ ਅੱਜ ਅਸੀਂ ਚੰਡੀਗੜ੍ਹ ਦੇ ਲੋਕਾਂ ਦੀਆਂ ਚਿਰੋਕਣੀ ਮੰਗਾਂ ਨੂੰ ਲੈ ਕੇ ਸਦਨ ਵਿੱਚ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਦੀ ਨਗਰ ਨਿਗਮ ਚੋਣਾਂ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ 20,000 ਲੀਟਰ ਮੁਫ਼ਤ ਪਾਣੀ ਦਿੱਤਾ ਜਾਵੇਗਾ। ਅਸੀਂ ਇਸ ਨੂੰ ਸਦਨ ਵਿੱਚ ਰੱਖਿਆ ਅਤੇ ਭਾਜਪਾ ਕੌਂਸਲਰ ਦੁਆਰਾ ਪੈਦਾ ਕੀਤੀ ਗੜਬੜ ਦੇ ਬਾਵਜੂਦ ਇਸ ਨੂੰ ਪਾਸ ਕੀਤਾ, ਕਿੳਂ ਕਿ ੳਹ ਨਹੀਂ ਚਾਹੁੰਦੇ ਕਿ ਅਸੀਂ ਲੋਕ ਭਲਾਈ ਦੇ ਕੰਮ ਕਰੀਏ।

ਉਨ੍ਹਾਂ ਕਿਹਾ ਕਿ ਅੱਜ ਹਾਊਸ ਵੱਲੋਂ ਲਿਆ ਗਿਆ ਇੱਕ ਹੋਰ ਅਹਿਮ ਫੈਸਲਾ ਮੁਫਤ ਪਾਰਕਿੰਗ ਹੈ। ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਅਤੇ ਇੱਥੇ ਸਾਰੇ ਲੋਕਾਂ ਨੂੰ ਮੁਫਤ ਪਾਰਕਿੰਗ ਦੀ ਸਹੂਲਤ ਮਿਲਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਕੱਤਰ ਜਾਂ ਰਾਜਪਾਲ ਇਨ੍ਹਾਂ ਲੋਕ ਭਲਾਈ ਫੈਸਲਿਆਂ ਦੇ ਰਾਹ ਵਿੱਚ ਅੜਿੱਕਾ ਨਹੀਂ ਬਣਨਗੇ ਅਤੇ ਇਨ੍ਹਾਂ ਫਾਈਲਾਂ ਨੂੰ ਜਲਦੀ ਤੋਂ ਜਲਦੀ ਪਾਸ ਕਰ ਦਿੱਤਾ ਜਾਵੇਗਾ।

ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਭਾਜਪਾ ਕੌਂਸਲਰ ਲਗਾਤਾਰ ਸਦਨ ਵਿੱਚ ਹਂਗਾਮਾ ਕਰ ਰਹੇ ਹਨ। ਪਹਿਲਾਂ ਉਨ੍ਹਾਂ ਨੇ ਚੋਣਾਂ ਵਿੱਚ ਧਾਂਦਲੀ ਕੀਤੀ, ਹੁਣ ਉਹ ਨਹੀਂ ਚਾਹੁੰਦੇ ਕਿ ਸਦਨ ਲੋਕ ਪੱਖੀ ਫੈਸਲੇ ਕਰੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਚੰਡੀਗੜ੍ਹ ਦੇ ਲੋਕਾਂ ਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਮੁਫਤ ਪਾਣੀ ਅਤੇ ਮੁਫਤ ਪਾਰਕਿੰਗ ਦੀ ਸਹੂਲਤ ਮਿਲੇਗੀ। ਉਨ੍ਹਾਂ ਸਥਾਨਕ ਸਕੱਤਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਇਹ ਫਾਈਲਾਂ ਪਾਸ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਅਤੇ ਕਾਂਗਰਸ ਚੰਡੀਗੜ੍ਹ ‘ਚ ਭਾਜਪਾ ਅਤੇ ਲੋਕਾਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਮੁਕਾਬਲਾ ਕਰਨ ਲਈ ਇਕੱਠੇ ਹੋਏ ਹਨ। ਕਾਂਗਰਸ ਨੇ ਮੁਫਤ ਪਾਰਕਿੰਗ ਦਾ ਵਾਅਦਾ ਕੀਤਾ ਅਤੇ ‘ਆਪ’ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਮੁਫਤ ਪਾਣੀ ਦੇਣ ਦਾ ਵਾਅਦਾ ਕੀਤਾ। ਅਸੀਂ ਮਿਲ ਕੇ ਇਹ ਦੋਵੇਂ ਫੈਸਲੇ ਪਾਸ ਕਰਕੇ ਲੋਕਾਂ ਦਾ ਦੋਹਰਾ ਭਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੀ ਜਿੱਤ ਹੋਈ ਹੈ। ਇਹ ਭ੍ਰਿਸ਼ਟਾਚਾਰ ਬਨਾਮ ਇਮਾਨਦਾਰੀ ਹੈ ਅਤੇ ਇਮਾਨਦਾਰੀ ਦੀ ਜਿੱਤ ਹੈ।

ਕੁਲਦੀਪ ਕੁਮਾਰ ਨੇ ਕਿਹਾ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਦੇ ਲੋਕਾਂ ਨੂੰ ਮੁਫਤ ਪਾਣੀ ਦੀ ਗਾਰੰਟੀ ਦਿੱਤੀ ਸੀ ਅਤੇ ਅੱਜ ਅਸੀਂ ਉਸ ਗਰੰਟੀ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਹਾਂ। ਉਨ੍ਹਾਂ ਕਿਹਾ ਕਿ ਹੁਣ ਚੰਡੀਗੜ੍ਹ ਵਿੱਚ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ। ਭ੍ਰਿਸ਼ਟਾਚਾਰ ਖਤਮ ਹੋ ਗਿਆ ਹੈ ਅਤੇ ਲੋਕਾਂ ਦਾ ਰਾਜ ਸ਼ੁਰੂ ਹੋ ਗਿਆ ਹੈ।

ਇਸ ਮੌਕੇ ‘ਆਪ’ ਕੌਂਸਲਰ ਯੋਗੇਸ਼ ਢੀਂਗਰਾ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ‘ਆਪ’ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ.ਐਸ.ਐਸ. ਆਹਲੂਵਾਲੀਆ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਅਤੇ ਕਾਂਗਰਸ ਕੌਂਸਲਰ ਤਰੁਣਾ ਮਹਿਤਾ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English