View in English:
May 9, 2024 12:02 pm

ਵਿਕਰਾਂਤ ਮੈਸੀ ਦੀ ਅਗਲੀ ਫਿਲਮ ‘The Sabarmati Report’ ਦਾ ਟੀਜ਼ਰ ਰਿਲੀਜ਼

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਮਾਰਚ 28

ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਦੀ ਫਿਲਮ 12ਵੀਂ ਫੇਲ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਅਭਿਨੇਤਾ ਵਿਕਰਾਂਤ ਮੈਸੀ ਆਉਣ ਵਾਲੇ ਸਮੇਂ ‘ਚ ਫਿਲਮ ‘ਦਿ ਸਾਬਰਮਤੀ ਰਿਪੋਰਟ’ ‘ਚ ਨਜ਼ਰ ਆਉਣ ਵਾਲੇ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਫਿਲਮ ਨੂੰ ਲੈ ਕੇ ਅਦਾਕਾਰ ਦਾ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਸੱਚੀ ਘਟਨਾ ਤੋਂ ਪ੍ਰੇਰਿਤ ‘ਸਾਬਰਮਤੀ ਰਿਪੋਰਟ’ ਦਾ ਇੱਕ ਹੋਰ ਤਾਜ਼ਾ ਟੀਜ਼ਰ ਜਾਰੀ ਕੀਤਾ ਗਿਆ ਹੈ।

ਇਸ ਟੀਜ਼ਰ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਹ ਫਿਲਮ ਇਕ ਦਰਦਨਾਕ ਹਾਦਸੇ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਬਿਆਨ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਨਿਰਦੇਸ਼ਕ ਰੰਜਨ ਚੰਦੇਲ ਦੇ ਨਿਰਦੇਸ਼ਨ ਹੇਠ ਬਣਨ ਵਾਲੀ ‘ਸਾਬਰਮਤੀ ਰਿਪੋਰਟ’ ਦੀ ਘੋਸ਼ਣਾ ਵੀਡੀਓ ਲਾਂਚ ਕੀਤੀ ਗਈ ਸੀ। ਉਦੋਂ ਤੋਂ ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਦੀ ਉਤਸੁਕਤਾ ਕਾਫੀ ਵਧ ਗਈ ਹੈ।

ਨਿਰਮਾਤਾ ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰ ਦੇ ਬੈਨਰ ਹੇਠ ਬਣਨ ਵਾਲੀ ਇਸ ਫਿਲਮ ਦਾ ਟੀਜ਼ਰ ਸਾਲ 2002 ਵਿੱਚ ਗੁਜਰਾਤ ਵਿੱਚ ਵਾਪਰੇ ਇੱਕ ਭਿਆਨਕ ਰੇਲ ਹਾਦਸੇ ਦੀ ਕਹਾਣੀ ਨੂੰ ਦਰਸਾਉਂਦਾ ਹੈ। ਇਸ ਘਟਨਾ ਦੀ ਸੱਚਾਈ ਦੱਸਣ ਵਿੱਚ ਮੀਡੀਆ ਵਾਲਿਆਂ ਨੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ, ਇਹ ਸਾਬਰਤਾਮੀ ਰਿਪੋਰਟ ਦੇ ਟੀਜ਼ਰ ਵਿੱਚ ਸਾਫ਼-ਸਾਫ਼ ਦਿਖਾਇਆ ਗਿਆ ਹੈ।

ਇਸ ਫਿਲਮ ਵਿੱਚ ਵਿਕਰਾਂਤ ਮੈਸੀ ਇੱਕ ਨਿਊਜ਼ ਰਿਪੋਰਟਰ ਦੀ ਭੂਮਿਕਾ ਵਿੱਚ ਮੌਜੂਦ ਹਨ। ਉਨ੍ਹਾਂ ਤੋਂ ਇਲਾਵਾ ਇਸ ਫਿਲਮ ‘ਚ ਸਾਊਥ ਅਦਾਕਾਰਾ ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਕੁੱਲ ਮਿਲਾ ਕੇ ਦ ਸਾਬਰਮਤੀ ਰਿਪੋਰਟ ਦਾ ਇਹ ਟੀਜ਼ਰ ਕਾਫੀ ਪ੍ਰਭਾਵਸ਼ਾਲੀ ਮੰਨਿਆ ਜਾ ਰਿਹਾ ਹੈ।

ਇਸ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਹਰ ਕੋਈ ਵਿਕਰਾਂਤ ਮੈਸੀ ਦੀ ‘ਦਿ ਸਾਬਰਮਤੀ ਰਿਪੋਰਟ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਹ ਫਿਲਮ ਵੱਡੇ ਪਰਦੇ ‘ਤੇ 3 ਮਈ 2024 ਨੂੰ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

View in English