View in English:
May 17, 2024 3:02 pm

ਡੇਰਾ ਸਿਰਸਾ ਨੇ ਆਪਣਾ ‘ਸਿਆਸੀ ਵਿੰਗ’ ਕੀਤਾ ਭੰਗ

ਫੈਕਟ ਸਮਾਚਾਰ ਸੇਵਾ

ਰੋਹਤਕ , ਮਾਰਚ 13

ਡੇਰਾ ਸੱਚਾ ਸੌਦਾ ਸਿਰਸਾ ਨੇ ਹੈਰਾਨੀਜਨਕ ਫੈਸਲਾ ਲੈਂਦਿਆਂ ਆਪਣਾ ਸਿਆਸੀ ਵਿੰਗ ਭੰਗ ਕਰ ਦਿੱਤਾ ਹੈ ਜੋ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਹਮਾਇਤ ਦੇਣ ਲਈ ਬਣਾਇਆ ਗਿਆ ਸੀ। ਡੇਰਾ ਸਿਰਸਾ ਦਾ ਸਿਆਸੀ ਵਿੰਗ ਕਰੀਬ 17 ਸਾਲ ਪਹਿਲਾਂ ਸਾਲ 2006 ਦੌਰਾਨ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹੋਂਦ ‘ਚ ਆਇਆ ਸੀ।

ਦੱਸ ਦੇਈਏ ਕਿ ਡੇਰਾ ਪ੍ਰਬੰਧਕ ਇਸ ਤੋਂ ਪਹਿਲਾਂ ਵੀ ਸਿਆਸੀ ਧਿਰਾਂ ਦੀ ਹਮਾਇਤ ਕਰਦੇ ਸਨ , ਪਰ ਉਦੋਂ ਇਹ ਵਰਤਾਰਾ ਗੁਪਤ ਰੂਪ ਵਿੱਚ ਵਰਤਾਇਆ ਜਾਂਦਾ ਸੀ। ਦੱਸਿਆ ਜਾਂਦਾ ਹੈ ਕਿ ਸਿਆਸੀ ਵਿੰਗ ਬਣਾਉਣ ਦਾ ਮਕਸਦ ਡੇਰਾ ਪ੍ਰੇਮੀਆਂ ਦੀ ਰਾਜਨੀਤਕ ਤਾਕਤ ਨੂੰ ਮਜ਼ਬੂਤ ਕਰਕੇ ਵੋਟਾਂ ਵੇਲੇ ਇੱਕ ਮੋਰੀ ਲੰਘਣਾ ਸੀ। ਉਸ ਵੇਲੇ ਇਹ ਵੀ ਕਿਹਾ ਗਿਆ ਸੀ ਕਿ ਇਸ ਵਿੰਗ ਦੇ ਆਗੂ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਸ਼ਕਾਇਤਾਂ ਨੂੰ ਸਰਕਾਰ ਅਤੇ ਪ੍ਰਸ਼ਾਸ਼ਨਿਕ ਪੱਧਰ ਤੇ ਹੱਲ ਕਰਵਾਇਆ ਕਰਨਗੇ।

ਮੁੱਢਲੇ ਪੜਾਅ ‘ਚ ਸਿਆਸੀ ਵਿੰਗ ਦੇ ਸੱਤ ਮੈਂਬਰ ਬਣਾਏ ਗਏ ਸਨ, ਜਿਨ੍ਹਾਂ ਨੂੰ ਬਾਅਦ ਵਿੱਚ 14 ਤੱਕ ਵਧਾ ਦਿੱਤਾ ਗਿਆ ਸੀ। ਸਾਲ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਸਿਆਸੀ ਵਿੰਗ ਨੇ ਪਹਿਲੀ ਵਾਰ ਕਾਂਗਰਸ ਪਾਰਟੀ ਨੂੰ ਖੁੱਲ੍ਹੇਆਮ ਸਿਆਸੀ ਹਮਾਇਤ ਦਿੱਤੀ ਸੀ। ਡੇਰਾ ਪੈਰੋਕਾਰਾਂ ਨੇ ਖੁੱਲ ਕੇ ਨਿੱਤਰਨ ਦਾ ਹੀ ਸਿੱਟਾ ਸੀ ਕਿ ਇਨ੍ਹਾਂ ਚੋਣਾਂ ਦੌਰਾਨ ਮਾਲਵੇ ਵਿੱਚ ਅਕਾਲੀ ਦਲ ਦੇ ਵੱਡੇ ਵੱਡੇ ਥੰਮ ਹਾਰ ਗਏ ਸਨ।

Leave a Reply

Your email address will not be published. Required fields are marked *

View in English