View in English:
May 20, 2024 1:21 am

10 ਸਾਲਾਂ ਜਸਪ੍ਰੀਤ ਦਿੱਲੀ ‘ਚ ਲਾਉਂਦੈ ਐੱਗ ਰੋਲ ਦੀ ਰੇਹੜੀ , ਸੋਸ਼ਲ ਮੀਡੀਆ ‘ਤੇ Video Viral

ਫੈਕਟ ਸਮਾਚਾਰ ਸੇਵਾ

ਦਿੱਲੀ , ਮਈ 8

ਦਿੱਲੀ ‘ਚ ਐੱਗ ਰੋਲ ਦੀ ਰੇਹੜੀ ਲਾਉਣ ਵਾਲੇ 10 ਸਾਲਾ ਬੱਚੇ ਜਸਪ੍ਰੀਤ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਦਰਅਸਲ ਬ੍ਰੇਨ ਟੀਬੀ ਦੀ ਬਿਮਾਰੀ ਹੋਣ ਕਾਰਨ ਪਹਿਲਾਂ ਪਿਤਾ ਹਰਦੀਪ ਸਿੰਘ ਦਾ ਸਾਇਆ ਉਸ ਦੇ ਸਿਰੋਂ ਉੱਠ ਗਿਆ। ਇਸਦੇ ਨਾਲ ਹੀ ਜਸਪ੍ਰੀਤ ਕੋਲ ਆਪਣੀ 14 ਸਾਲ ਦੀ ਭੈਣ ਦੀ ਜ਼ਿੰਮੇਵਾਰੀ ਵੀ ਹੈ। ਇਸ ਲਈ ਉਸਨੇ ਹਾਰ ਮੰਨਣ ਦੀ ਬਜਾਏ ਆਪਣੇ ਪਿਤਾ ਵੱਲੋਂ ਲਾਈ ਜਾਂਦੀ ਐੱਗ ਰੋਲ ਦੀ ਰੇਹੜੀ ਹੀ ਲਾਉਣੀ ਸ਼ੁਰੂ ਕਰ ਦਿੱਤੀ। ਜਸਪ੍ਰੀਤ ਦੇ ਜਜ਼ਬੇ ਦੀ ਕਹਾਣੀ ਹੁਣ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਆ ਗਈ ਹੈ।

ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਐਕਸ ‘ਤੇ ਬੱਚੇ ਦੀ ਹੌਸਲਾਅਫ਼ਜ਼ਾਈ ਕਰਦੇ ਹੋਏ ਪੜ੍ਹਾਈ ‘ਚ ਮਦਦ ਕਰਨ ਲਈ ਹੱਥ ਵਧਾਇਆ ਹੈ। ਉੱਥੇ ਹੀ ਜਸਪ੍ਰੀਤ ਨੇ ਦੱਸਿਆ ਕਿ ਉਹ ਵੱਡਾ ਹੋ ਕੇ ਪੁਲਿਸ ਅਧਿਕਾਰੀ ਬਣਨਾ ਚਾਹੁੰਦਾ ਹੈ। ਜਸਪ੍ਰੀਤ ਆਪਣੀ ਵੱਡੀ ਭੈਣ ਤਰਨਪ੍ਰੀਤ ਕੌਰ ਨਾਲ ਚੰਦਰ ਵਿਹਾਰ ਕਿੱਕਰ ਚੌਕ, ਦਿੱਲੀ ਵਿਖੇ ਭੂਆ ਸੁਮਨਪ੍ਰੀਤ ਕੌਰ ਦੇ ਘਰ ਰਹਿ ਰਿਹਾ ਹੈ। ਜਸਪ੍ਰੀਤ ਤਿਲਕ ਨਗਰ ਸਥਿਤ ਸਰਵੋਦਿਆ ਬਾਲ ਵਿਦਿਆਲਿਆ ‘ਚ ਛੇਵੀਂ ਜਮਾਤ ਦਾ ਵਿਦਿਆਰਥੀ ਹੈ।

ਜਸਪ੍ਰੀਤ ਨੇ ਦੱਸਿਆ ਕਿ ਪਹਿਲਾਂ ਮੇਰੇ ਪਿਤਾ ਡਰਾਈਵਰ ਸਨ, ਫਿਰ ਪੰਜ ਸਾਲ ਪਹਿਲਾਂ ਉਨ੍ਹਾਂ ਨੇ ਆਂਡਿਆਂ ਦਾ ਸਟਾਲ ਲਗਾਉਣਾ ਸ਼ੁਰੂ ਕੀਤਾ, ਉਸ ਸਮੇਂ ਮੈਂ ਵੀ ਉਨ੍ਹਾਂ ਦੇ ਨਾਲ ਤਿਲਕ ਨਗਰ ਆ ਕੇ ਕੰਮ ‘ਚ ਮਦਦ ਕਰਦਾ ਸੀ। ਉਹ ਚਿਕਨ ਰੋਲ, ਪਨੀਰ ਰੋਲ ਜਾਂ ਚਾਂਪ ਬਣਾਉਂਦੇ ਰਹਿੰਦੇ ਸਨ ਤੇ ਮੈਂ ਦੇਖਦਾ ਰਹਿੰਦਾ। ਇੰਝ ਹੀ ਮੈਂ ਵੀ ਹੌਲੀ-ਹੌਲੀ ਸਿੱਖ ਗਿਆ।

ਜਸਪ੍ਰੀਤ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਬ੍ਰੇਨ ਟੀਬੀ ਸੀ, ਜਿਸ ਕਾਰਨ ਉਹ ਪਿਛਲੇ ਨੌਂ ਮਹੀਨਿਆਂ ਤੋਂ ਬਿਮਾਰ ਸਨ। 14 ਅਪ੍ਰੈਲ 2024 ਨੂੰ ਉਨ੍ਹਾਂ ਦੀ ਮੌਤ ਹੋ ਗਈ। ਮਾਂ ਮਰਨ ਤੋਂ ਦੋ ਦਿਨ ਬਾਅਦ ਆਪਣੇ ਪੇਕੇ ਘਰ ਚਲੀ ਗਈ। ਪੇਕੇ ਘਰ ਜਾਣ ਤੋਂ ਪਹਿਲਾਂ ਮਾਂ ਨੇ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ। ਸਾਰਿਆਂ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੀ।

ਬੱਚੇ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਮਾਂ ਨਹੀਂ ਹੁੰਦੀ ਜੋ ਆਪਣੇ ਬੱਚਿਆਂ ਨੂੰ ਛੱਡ ਜਾਵੇ। ਜਸਪ੍ਰੀਤ ਦੀ ਭੂਆ ਸੁਮਨਪ੍ਰੀਤ ਕੌਰ ਜੋ ਕਿ ਕੰਮ ਦੇ ਨਾਲ-ਨਾਲ ਪੜ੍ਹਾਈ ਵੱਲ ਵੀ ਧਿਆਨ ਦੇ ਰਹੀ ਹੈ, ਨੇ ਦੱਸਿਆ ਕਿ ਜਸਪ੍ਰੀਤ ਵੱਡਾ ਹੋ ਕੇ ਪੁਲਿਸ ਅਫਸਰ ਬਣਨਾ ਚਾਹੁੰਦਾ ਹੈ। ਇਹੀ ਉਸਦਾ ਸੁਪਨਾ ਹੈ। ਇਸ ਲਈ ਕੰਮ ਦੇ ਨਾਲ-ਨਾਲ ਅਸੀਂ ਉਸ ਦਾ ਪੜ੍ਹਾਈ ਦਾ ਸੁਪਨਾ ਵੀ ਪੂਰਾ ਕਰਨਾ ਚਾਹੁੰਦੇ ਹਾਂ। ਇਸ ਲਈ ਜਸਪ੍ਰੀਤ ਸ਼ਾਮ ਨੂੰ ਸੱਤ ਵਜੇ ਰੇਹੜੀ ‘ਤੇ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਉਸ ਤੋਂ ਪਹਿਲਾਂ ਮੇਰਾ 20 ਸਾਲ ਦਾ ਲੜਕਾ ਗੁਰਮੁਖ ਸਿੰਘ ਉਸ ਦੇ ਕੰਮ ਵਿਚ ਮਦਦ ਕਰਨ ਜਾਂਦਾ ਹੈ। ਉਸਦੀ ਭੂਆ ਨੇ ਕਿਹਾ ਕਿ “ਹੁਣ ਅਸੀਂ ਬੱਚੇ ਮਾਂ ਨੂੰ ਨਹੀਂ ਦੇਵਾਂਗੇ।” ਭੂਆ ਦਾ ਕਹਿਣਾ ਹੈ ਕਿ ਜਸਪ੍ਰੀਤ ਦੀ ਮਾਂ ਦਾ ਪੇਕਾ ਘਰ ਪੰਜਾਬ ‘ਚ ਹੈ।

ਬੱਚੇ ਨੂੰ ਇੰਨੀ ਮਸ਼ਹੂਰੀ ਮਿਲ ਰਹੀ ਹੈ ਕਿ ਉਸ ਦੀ ਮਾਂ ਵੀ ਸੋਸ਼ਲ ਮੀਡੀਆ ‘ਤੇ ਇਸ ਨੂੰ ਦੇਖ ਰਹੀ ਹੋਵੇਗੀ ਪਰ ਅੱਜ ਤੱਕ ਉਸ ਨੇ ਇਕ ਵਾਰ ਵੀ ਬੱਚਿਆਂ ਦਾ ਹਾਲ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਨਾ ਹੀ ਕੋਈ ਕਾਲ ਤੇ ਨਾ ਹੀ ਕੋਈ ਸੁਨੇਹਾ ਪ੍ਰਾਪਤ ਹੋਇਆ ਹੈ। ਹੁਣ ਭਾਵੇਂ ਮਾਂ ਜਾਂ ਉਸ ਦੇ ਘਰ ਕੋਈ ਬੱਚੇ ਲੈਣ ਆ ਜਾਵੇ, ਮੈਂ ਬੱਚੇ ਉਨ੍ਹਾਂ ਨੂੰ ਨਹੀਂ ਦੇਵਾਂਗੀ।

Leave a Reply

Your email address will not be published. Required fields are marked *

View in English