View in English:
May 19, 2024 12:49 pm

ਹੁਸ਼ਿਆਰਪੁਰ ਦੇ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਉਦਘਾਟਨ 17 ਮਾਰਚ ਨੂੰ

ਫੈਕਟ ਸਮਾਚਾਰ ਸੇਵਾ

ਹੁਸ਼ਿਆਰਪੁਰ, ਮਾਰਚ 15

ਹੁਸ਼ਿਆਰਪੁਰ ਦੇ ਨਵੇਂ ਬਣੇ ਆਲੀਸ਼ਾਨ ਬਹੁ-ਮੰਜ਼ਿਲੇ ਜੁਡੀਸ਼ੀਅਲ ਕੋਰਟ ਕੰਪਲੈਕਸ ਦਾ ਉਦਘਾਟਨ 17 ਮਾਰਚ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਦੇ ਪ੍ਰਸ਼ਾਸਕੀ ਜੱਜ ਜਸਟਿਸ ਅਰੁਨ ਪੱਲੀ ਵੀ ਮੌਜੂਦ ਰਹਿਣਗੇ। ਇਹ ਪ੍ਰਗਟਾਵਾ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ ਨੇ ਅੱਜ ਨਵੇਂ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਇਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਵੱਖ-ਵੱਖ ਜੱਜ ਸਾਹਿਬਾਨ, ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ, ਐਸ.ਪੀ ਮਨਜੀਤ ਕੌਰ ਤੋਂ ਇਲਾਵਾ ਹੋਰ ਜੁਡੀਸ਼ੀਅਲ ਤੇ ਸਿਵਲ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।

ਉਨ੍ਹਾਂ ਦੱਸਿਆ ਕਿ 14 ਏਕੜ 10 ਮਰਲੇ ਰਕਬੇ ਵਿਚ ਬਣੇ 6 ਲਿਫਟਾਂ ਵਾਲੇ ਇਸ ਪੰਜ ਮੰਜ਼ਿਲਾ ਕੋਰਟ ਕੰਪਲੈਕਸ ਵਿਚ 17 ਕੋਰਟ ਰੂਮ, ਇਕ ਬੱਚਿਆਂ ਦਾ ਕੋਰਟ ਰੂਮ ਅਤੇ ਇਕ ਏ.ਡੀ.ਆਰ ਸੈਂਟਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿਚ ਬੇਸਮੈਂਟ, ਪਾਰਕਿੰਗ ਤੋਂ ਇਲਾਵਾ 1,65,000 ਵਰਗ ਫੁੱਟ ਏਰੀਏ ਵਿਚ ਖੁੱਲ੍ਹੀ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਥੇ ਸੀ.ਸੀ.ਟੀ.ਵੀ ਕੈਮਰੇ, ਡਾਟਾ ਨੈਟ ਵਰਕਿੰਗ ਅਤੇ ਹੋਰ ਬਹੁਤ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਇਥੇ ਨਿਆਂ ਲੈਣ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਕੰਪਲੈਕਸ ਵਿਚ ਵਕੀਲਾਂ ਲਈ ਵੀ ਆਰਾਮਦਾਇਕ ਅਤੇ ਵਧੀਆ ਮਾਹੌਲ ਮੁਹੱਈਆ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਇਥੇ ਪੌਦੇ ਲਗਾਉਣ ਲਈ ਵੀ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਹੀ ਹੁਸ਼ਿਆਰਪੁਰ ਦੇ ਇਸ ਆਲੀਸ਼ਾਨ ਕੋਰਟ ਕੰਪਲੈਕਸ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ।

Leave a Reply

Your email address will not be published. Required fields are marked *

View in English