View in English:
May 18, 2024 2:08 pm

ਹੁਸ਼ਿਆਰਪੁਰ ਜ਼ਿਲ੍ਹੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਸ਼ੁਰੂ

ਫੈਕਟ ਸਮਾਚਾਰ ਸੇਵਾ

ਹੁਸ਼ਿਆਰਪੁਰ, ਨਵੰਬਰ 9

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਹੰਸ ਦੀ ਅਗਵਾਈ ਹੇਠ ਮਿਤੀ 1-1-2023 ਦੇ ਆਧਾਰ ’ਤੇ ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਕਰਦਿਆਂ ਅੱਜ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕਰ ਦਿੱਤੀ ਗਈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਲਜੀਤ ਕੌਰ ਨੇ ਅੱਜ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਹਲਕੇਵਾਰ ਡਰਾਫ਼ਟ ਵੋਟਰ ਸੂਚੀਆਂ ਦੇ ਸੈੱਟ ਅਤੇ ਸੀ.ਡੀ. ਮੁਹੱਈਆ ਕਰਵਾਈ ਗਈ ਅਤੇ ਉਨ੍ਹਾਂ ਨੂੰ ਭਾਰਤ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੇ ਸਰਸਰੀ ਸੁਧਾਈ ਦੇ ਪ੍ਰੋਗਰਾਮ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਚੋਣ ਰਜਿਸਟਰੇਸ਼ਨ ਲਈ 1960 ਵਿਚ ਕੀਤੀ ਗਈ ਸੋਧ ਅਨੁਸਾਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਯੋਗਤਾ ਮਿਤੀ 1-1-2023 ਦੇ ਨਾਲ-ਨਾਲ ਹੁਣ ਕੋਈ ਵੀ ਯੋਗ ਨਾਗਰਿਕ, ਜੋ ਕਿ ਸਾਲ 2023 ਵਿਚ ਆਉਣ ਵਾਲੀਆਂ ਯੋਗਤਾ ਮਿਤੀਆਂ ਭਾਵ 1 ਅਪ੍ਰੈਲ 2023, 1 ਜੁਲਾਈ 2023 ਜਾਂ 1 ਅਕਤੂਬਰ 2023 ਵਿਚੋਂ ਕਿਸੇ ਨੂੰ ਵੀ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਹੈ, ਸੂਚਨਾ ਦੀ ਮਿਤੀ ਤੋਂ ਅਗਾਊਂ ਹੀ ਫਾਰਮ ਨੰਬਰ 6 ਰਾਹੀਂ ਵੋਟਰ ਸੂਚੀ ਵਿਚ ਆਪਣਾ ਨਾਮ ਸ਼ਾਮਲ ਕਰਨ ਲਈ ਦਾਅਵਾ ਕਰ ਸਕਦਾ ਹੈ। ਇਸ ਦਾਅਵੇ ’ਤੇ ਸਬੰਧਤ ਯੋਗਤਾ ਮਿਤੀ ਦੇ ਹਵਾਲੇ ਵਿਚ ਸਬੰਧਤ ਤਿਮਾਹੀ ਵਿਚ ਵਿਚਾਰ ਅਤੇ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 9-11-2022 ਤੋਂ 8-12-2022 ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀ ਵਿਚ ਨਾਮ ਸ਼ਾਮਲ ਕਰਵਾਉਣ ਲਈ ਫਾਰਮ ਨੰਬਰ 6, ਵੋਟਰ ਸੂਚੀ ਵਿਚ ਸ਼ਾਮਲ ਨਾਮ ’ਤੇ ਇਤਰਾਜ ਕਰਨ ਜਾਂ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸੂਚੀ ਵਿਚ ਪਹਿਲਾਂ ਦਰਜ ਕਿਸੇ ਇੰਦਰਾਜ ਵਿਚ ਕਿਸੇ ਕਿਸਮ ਦੀ ਦਰੁਸਤੀ ਕਰਵਾਉਣ, ਪਤੇ ਵਿਚ ਦਰੁਸਤੀ, ਡੁਪਲੀਕੇਟ ਵੋਟਰ ਕਾਰਡ ਲਈ ਫਾਰਮ ਨੰਬਰ 8 ਸਬੰਧਤ ਬੀ.ਐਲ.ਓ. / ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦਫ਼ਤਰ/ਚੋਣਕਾਰ ਰਜਿਸਟਰੇਸ਼ਨ ਅਫ਼ਸਰ ਦੇ ਦਫ਼ਤਰ ਜਾਂ ਵੋਟਰ ਹੈਲਪਲਾਈਨ ਐਪ ਜਾਂ ਐਨ.ਵੀ.ਐਸ.ਪੀ. ਪੋਰਟਲ ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਚੋਣ ਦਫ਼ਤਰ ਪੰਜਾਬ ਵਲੋਂ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਉਣ ਲਈ 19 ਤੇ 20 ਨਵੰਬਰ ਅਤੇ 3 ਤੇ 4 ਦਸੰਬਰ ਮਿਤੀਆਂ ਤੈਅ ਕੀਤੀਆਂ ਗਈਆਂ ਹਨ। ਇਨ੍ਹਾਂ ਨਿਰਧਾਰਤ ਮਿਤੀਆਂ ਨੂੰ ਬੀ.ਐਲ.ਓਜ਼ ਵਲੋਂ ਸਬੰਧਤ ਬੂਥਾਂ ’ਤੇ ਬੈਠ ਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦਾਅਵੇ ਅਤੇ ਇਤਰਾਜਾਂ ਵਿਚ ਫਾਰਮ ਨੰਬਰ 6, 6-ਏ, 7 ਅਤੇ 8 ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਵਾਲੇ ਦਿਨ ਪੋਲਿੰਗ ਬੂਥਾਂ ’ਤੇ ਬੂਥ ਲੈਵਲ ਅਫ਼ਸਰਾਂ ਦੀ ਸਹਾਇਤਾ ਲਈ ਆਪਣੇ ਬੂਥ ਲੈਵਲ ਏਜੰਟ ਨਿਯੁਕਤ ਕਰਨ। ਇਸ ਤੋਂ ਇਲਾਵਾ 9-11-2022 ਤੋਂ 8-12-2022 ਤੱਕ ਪ੍ਰਾਪਤ ਹੋਣ ਵਾਲੇ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਸਬੰਧਤ ਚੋਣ ਰਜਿਸਟਰੇਸ਼ਨ ਅਫ਼ਸਰ ਵਲੋਂ 26 ਦਸੰਬਰ 2022 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 5 ਜਨਵਰੀ 2023 ਨੂੰ ਕੀਤੀ ਜਾਵੇਗੀ।

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ 9 ਨਵੰਬਰ ਤੋਂ 8 ਦਸੰਬਰ ਤੱਕ ਜ਼ਿਲ੍ਹੇ ਭਰ ਵਿਚ ਸਵੀਪ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਵੋਟਾਂ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੋਲ ਫਰੀ ਨੰਬਰ 1950 ’ਤੇ ਫੋਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਤੋਂ ਰਜਿਸਟਰਡ ਵੋਟਰ ‘ਵੋਟਰ ਹੈਲਪਲਾਈਨ’ ਐਪ, ਐਨ.ਵੀ.ਐਸ.ਪੀ. ’ਤੇ ਫਾਰਮ ਨੰਬਰ 6-ਬੀ ਰਾਹੀਂ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਕੋਲ ਆਧਾਰ ਕਾਰਡ ਨਹੀਂ ਹੈ, ਤਾਂ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ 11 ਦਸਤਾਵੇਜ਼ਾਂ ਵਿਚੋਂ ਕਿਸੇ ਇਕ ਦਸਤਾਵੇਜ਼ ਦੀ ਜਾਣਕਾਰੀ ਭਰ ਕੇ ਰਜਿਸਟਰਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਬੰਧਤ ਬੀ.ਐਲ.ਓਜ਼ ਰਾਹੀਂ ਵੀ ਵੋਟਰਾਂ ਵਲੋਂ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਰਜਿਸਟਰਡ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਰਕਰਾਂ ਰਾਹੀਂ ਆਮ ਜਨਤਾ ਵਿਚ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਵਾਲੀ ਮੁਹਿੰਮ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ। ਇਸ ਮੌਕੇ ਤਹਿਸੀਲਦਾਰ (ਚੋਣਾਂ) ਹਰਮਿੰਦਰ ਸਿੰਘ, ਕਾਨੂੰਗੋ ਦੀਪਕ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English