View in English:
June 17, 2024 2:54 pm

ਹਸਪਤਾਲ ‘ਚ ਲੱਗੀ ਅੱਗ : ਦਿੱਲੀ ‘ਚ 7 ਨਵਜੰਮੇ ਬੱਚਿਆਂ ਦੀ ਮੌਤ

5 ਹੋਰ ਨਵਜੰਮੇ ਬੱਚੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ
ਦਿੱਲੀ : ਰਾਜਧਾਨੀ ਵਿੱਚ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ਵਿੱਚ ਨਵਜੰਮੇ ਬੱਚਿਆਂ ਲਈ ਇੱਕ ਤਿੰਨ ਮੰਜ਼ਿਲਾ ਨਿੱਜੀ ਹਸਪਤਾਲ ਵਿੱਚ ਸ਼ਨੀਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ। ਇਸ ਦਰਦਨਾਕ ਹਾਦਸੇ ‘ਚ ਅੱਗ ਲੱਗਣ ਕਾਰਨ 7 ਬੱਚਿਆਂ ਦੀ ਮੌਤ ਹੋ ਗਈ। ਜਦੋਂ ਕਿ 5 ਹੋਰ ਨਵਜੰਮੇ ਬੱਚੇ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਆਸ-ਪਾਸ ਦੀਆਂ ਦੁਕਾਨਾਂ ਅਤੇ ਇਮਾਰਤਾਂ ਨੂੰ ਆਪਣੀ ਲਪੇਟ ‘ਚ ਲੈ ਲਿਆ।

ਦਿੱਲੀ ਫਾਇਰ ਸਰਵਿਸਿਜ਼ (DFS) ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਵਿਵੇਕ ਵਿਹਾਰ ਸਥਿਤ ਨਿਊ ਬੋਰਨ ਬੇਬੀ ਕੇਅਰ ਹਸਪਤਾਲ ‘ਚ ਭਿਆਨਕ ਅੱਗ ਲੱਗ ਗਈ। ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕੁੱਲ 12 ਬੱਚਿਆਂ ਨੂੰ ਬਚਾਇਆ। ਇਨ੍ਹਾਂ ‘ਚੋਂ 7 ਗੰਭੀਰ ਰੂਪ ‘ਚ ਝੁਲਸ ਗਏ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ, ਜਦਕਿ 5 ਹੋਰ ਨਵਜੰਮੇ ਅਜੇ ਵੀ ਹਸਪਤਾਲ ‘ਚ ਦਾਖਲ ਹਨ। ਮੌਕੇ ‘ਤੇ ਬਚਾਅ ਕਾਰਜ ਅਜੇ ਵੀ ਜਾਰੀ ਹੈ।

ਦੱਸਿਆ ਜਾ ਰਿਹਾ ਹੈ ਕਿ ਵਿਵੇਕ ਵਿਹਾਰ ਫੇਜ਼-1 ਆਈਟੀਆਈ ਚੌਕ ਨੇੜੇ ਕਰੀਬ 120 ਵਰਗ ਗਜ਼ ਵਿੱਚ ਬਣੀ ਬਿਲਡਿੰਗ ਨੰਬਰ ਸੀ-54 ਦੀ ਗਰਾਊਂਡ ਫਲੋਰ ਅਤੇ ਪਹਿਲੀ ਮੰਜ਼ਿਲ ’ਤੇ ਚੱਲ ਰਹੇ ਬੇਬੀ ਕੇਅਰ ਸੈਂਟਰ ਵਿੱਚ ਸ਼ਨੀਵਾਰ ਰਾਤ ਨੂੰ ਅੱਗ ਲੱਗ ਗਈ। ਇਸ ਕਾਰਨ 12 ਨਵਜੰਮੇ ਬੱਚਿਆਂ ਨੂੰ ਐਂਬੂਲੈਂਸ ਅਤੇ ਪੀ.ਸੀ.ਆਰ ਰਾਹੀਂ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਰਾਮਜੀ ਭਾਰਦਵਾਜ ਨੇ 7 ਨਵਜੰਮੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਗੰਭੀਰ ਰੂਪ ਨਾਲ ਝੁਲਸ ਗਏ ਨਵਜੰਮੇ ਬੱਚੇ ਅਤੇ 5 ਹੋਰ ਬੱਚਿਆਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਗੰਭੀਰ ਹਾਲਤ ਵਾਲੇ ਬੱਚੇ ਦੀ ਵੀ ਬਾਅਦ ਵਿੱਚ ਮੌਤ ਹੋ ਗਈ। ਅੱਗ ਨਾਲ ਨਸ਼ਟ ਹੋਏ ਬੇਬੀ ਕੇਅਰ ਸੈਂਟਰ ਵਿੱਚ ਨਵਜੰਮੇ ਬੱਚਿਆਂ ਦਾ ਕੋਈ ਰਿਕਾਰਡ ਨਹੀਂ ਮਿਲਿਆ ਹੈ।

ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਫਾਇਰ ਅਧਿਕਾਰੀ ਮੁਤਾਬਕ ਅੱਗ ਪੂਰੀ ਤਰ੍ਹਾਂ ਬੁਝ ਗਈ ਹੈ। ਮੌਕੇ ਤੋਂ ਬਚਾਏ ਗਏ ਨਵਜੰਮੇ ਬੱਚਿਆਂ ਨੂੰ ਦੂਜੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਦਿੱਲੀ ਫਾਇਰ ਸਰਵਿਸ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ 9 ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ ਹਨ ਅਤੇ ਬਚਾਅ ਕਾਰਜ ਜਾਰੀ ਹੈ। ਡੀਐਫਐਸ ਮੁਖੀ ਅਤੁਲ ਗਰਗ ਨੇ ਦੱਸਿਆ ਕਿ ਅੱਧੀ ਰਾਤ ਨੂੰ ਇੱਕ ਕਾਲ ਆਈ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ 25 ਮਈ ਨੂੰ ਰਾਤ ਕਰੀਬ 11.30 ਵਜੇ ਵਿਵੇਕ ਵਿਹਾਰ ਪੁਲਿਸ ਸਟੇਸ਼ਨ ਨੂੰ ਅੱਗ ਲੱਗਣ ਸਬੰਧੀ ਪੀ.ਸੀ.ਆਰ. ਸੂਚਨਾ ਮਿਲਦੇ ਹੀ ਵਿਵੇਕ ਵਿਹਾਰ ਦੇ ਏਸੀਪੀ ਅਤੇ ਐਸਐਚਓ ਤੁਰੰਤ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ, ਜਿੱਥੇ ਨਿਊ ਬੋਰਨ ਬੇਬੀ ਕੇਅਰ ਹਸਪਤਾਲ ਅਤੇ ਨਾਲ ਲੱਗਦੀ ਇਮਾਰਤ ਨੂੰ ਅੱਗ ਲੱਗ ਗਈ।

ਪੁਲਸ ਮੁਤਾਬਕ 11 ਨਵਜੰਮੇ ਬੱਚਿਆਂ ਨੂੰ ਹੋਰ ਲੋਕਾਂ ਦੀ ਮਦਦ ਨਾਲ ਇਮਾਰਤ ਦੀ ਉਪਰਲੀ ਮੰਜ਼ਿਲ ਤੋਂ ਬਚਾਇਆ ਗਿਆ ਅਤੇ ਐਂਬੂਲੈਂਸ ਰਾਹੀਂ ਪੂਰਬੀ ਦਿੱਲੀ ਦੇ ਐਡਵਾਂਸਡ ਐਨਆਈਸੀਯੂ ਹਸਪਤਾਲ, ਡੀ-237, ਵਿਵੇਕ ਵਿਹਾਰ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਤਿੰਨ ਮੰਜ਼ਿਲਾ ਇਮਾਰਤ ਹੈ ਅਤੇ ਅੱਗ ਲੱਗਣ ਕਾਰਨ ਪੂਰੀ ਇਮਾਰਤ ਸੜ ਕੇ ਸੁਆਹ ਹੋ ਗਈ।

Leave a Reply

Your email address will not be published. Required fields are marked *

View in English