View in English:
May 17, 2024 3:02 pm

ਸੇਵਾ ਕੇਂਦਰਾਂ ਵਿਖੇ ਹੁਣ ਨਾਗਰਿਕਾਂ ਨੂੰ ਫਾਰਮ ਭਰਨ ਦੀ ਲੋੜ ਨਹੀਂ : ਮੀਤ ਹੇਅਰ

ਫੈਕਟ ਸਮਾਚਾਰ ਸੇਵਾ

ਐਸ.ਏ.ਐਸ.ਨਗਰ, ਅਕਤੂਬਰ 12

ਨਾਗਰਿਕਾਂ ਨੂੰ ਨਿਰਵਿਘਨ ਤੇ ਸੁਖਾਲੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਹੋਰ ਸੁਧਾਰ ਲਿਆਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਸੇਵਾ ਕੇਂਦਰਾਂ ਵਿੱਚ ਨਿੱਜੀ ਤੌਰ ’ਤੇ ਅਰਜੀ ਫਾਰਮ ਭਰਨ ਅਤੇ ਜਮਾਂ ਕਰਵਾਉਣ ਦੇ ਅਮਲ ਨੂੰ ਬੰਦ ਕਰਕੇ ਇੱਕ ਅਹਿਮ ਫੈਸਲਾ ਲਿਆ ਗਿਆ।

ਪ੍ਰਸ਼ਾਸਨਿਕ ਸੁਧਾਰਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਸਥਿਤ ਸੇਵਾ ਕੇਂਦਰ ਦਾ ਅਚਨਚੇਤ ਦੌਰਾ ਕੀਤਾ ਅਤੇ ਸੇਵਾ ਕੇਂਦਰ ਦੇ ਕੰਮਕਾਜ ਦਾ ਜਾਇਜ਼ਾ ਲਿਆ ਅਤੇ ਨਾਗਰਿਕਾਂ ਨਾਲ ਗੱਲਬਾਤ ਕਰਕੇ ਉਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਿਆ। ਪ੍ਰਸ਼ਾਸਨਿਕ ਮੰਤਰੀ ਨੇ ਸਰਵਿਸ ਆਪਰੇਟਰ (ਮੈਸਰਜ਼ ਡੀ.ਐਸ.ਐਸ.ਪੀ.ਐਲ.) ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਗੁਣਵੱਤਾ ਵਿੱਚ ਵਾਧਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਨਾਗਰਿਕ ਨੂੰ ਪਹਿਲ ਦੇ ਆਧਾਰ ’ਤੇ ਮੁਸ਼ਕਲ ਰਹਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਇਸ ਤੋਂ ਇਲਾਵਾ ਕੈਬਨਿਚਟ ਮੰਤਰੀ ਨੇ ਫੇਜ਼-1 ਵਿੱਚ 6 ਸੇਵਾਵਾਂ ਸ਼ੁਰੂ ਕਰਕੇ ਫਾਰਮ ਰਹਿਤ ਸੇਵਾਵਾਂ ਦੇ ਨਾਮ ਨਾਲ ਇੱਕ ਨਵੇਂ ਸੰਕਲਪ ਦੀ ਵੀ ਸ਼ੁਰੂਆਤ ਕੀਤੀ।

ਨਵੀਂ ਪਹਿਲਕਦਮੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੀਤ ਹੇਅਰ ਨੇ ਕਿਹਾ ਕਿ ਇਸ ਸੁਧਾਰ ਵਿੱਚ ਹੁਣ ਫਿਜ਼ੀਕਲ ਤੌਰ ’ਤੇ ਫਾਰਮ ਭਰੇ ਬਿਨਾਂ ਨਾਗਰਿਕ ਵੱਖ-ਵੱਖ ਸੇਵਾਵਾਂ ਜਿਵੇਂ ਕਿ ਆਮਦਨ ਸਰਟੀਫਿਕੇਟ, ਪੇਂਡੂ ਖੇਤਰ ਦਾ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਮ ਜੋੜਨਾ, ਆਮਦਨ ਅਤੇ ਸੰਪਤੀ ਸਰਟੀਫਿਕੇਟ, ਜਨਰਰ ਕਾਸਟ ਸਰਟੀਫਿਕੇਟ ਅਤੇ ਸੀਨੀਅਰ ਸਿਟੀਜਨ ਸ਼ਨਾਖਤੀ ਕਾਰਡ ਆਦਿ ਪ੍ਰਾਪਤ ਕਰ ਸਕਦੇ ਹਨ। ਇਨਾਂ ਸੇਵਾਵਾਂ ਦਾ ਲਾਭ ਲੈਣ ਲਈ ਨਾਗਰਿਕ ਨੂੰ ਸੇਵਾ ਕੇਂਦਰ ਵਿੱਚ ਸਿਰਫ ਪਛਾਣ ਦੇ ਅਸਲ ਸਬੂਤ ਅਤੇ ਪਤੇ ਦੇ ਸਬੂਤ (ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਨੋਟੀਫਾਈ ਕੀਤਾ ਗਿਆ ਹੈ) ਸਮੇਤ ਸੇਵਾ ਸਬੰਧੀ ਵਿਸੇਸ ਦਸਤਾਵੇਜ ਜਿਵੇਂ ਸਵੈ ਘੋਸ਼ਣਾ ਫਾਰਮ ਲੈ ਕੇ ਸੇਵਾ ਕੇਂਦਰ ਵਿੱਚ ਜਾਣਾ ਹੋਵੇਗਾ।

ਨਾਗਰਿਕਾਂ ਦੇ ਦਸਤਾਵੇਜ਼ਾਂ ਦੇ ਆਧਾਰ ‘ਤੇ ਸੇਵਾ ਕੇਂਦਰ ਸੰਚਾਲਕ ਆਨਲਾਈਨ ਫਾਰਮ ਭਰ ਕੇ ਅਤੇ ਸਿਸਟਮ ਰਾਹੀਂ ਤਿਆਰ ਕੀਤੇ ਗਏ ਫਾਰਮ ‘ਤੇ ਨਾਗਰਿਕ ਦੇ ਦਸਤਖਤ ਲੈ ਕੇ ਸੇਵਾ ਨੂੰ ਬਿਨੈ ਕਰੇਗਾ। ਉਪਰੋਕਤ ਸੁਧਾਰ ਤਹਿਤ ਸੇਵਾਵਾਂ ਦਾ ਲਾਭ ਲੈਣ ਲਈ 4 ਪੜਾਵਾਂ (ਜਿਵੇਂ ਫਾਰਮ ਲੈਣ, ਫਾਰਮ ਭਰਨ, ਦਸਤਾਵੇਜ ਫੋਟੋ ਕਾਪੀ ਅਟੈਚਮੈਂਟ ਅਤੇ ਫਾਰਮ ਦੀ ਜਾਂਚ) ਨੂੰ ਹਟਾ ਦਿੱਤਾ ਜਾਵੇਗਾ ਜਿਸ ਨਾਲ ਗਿਣਤੀ 7 ਪੜਾਵਾਂ ਤੋਂ 3 ਪੜਾਅ ਹੋ ਜਾਵੇਗੀ। ਅਗਲੀਆਂ ਵਿਸੇਸਤਾਵਾਂ ਤਹਿਤ ਫਾਰਮ ਰਹਿਤ ਸੇਵਾਵਾਂ ਦੇ ਰੂਪ ਵਿੱਚ ਹੋਰ ਸੇਵਾਵਾਂ ਸਾਮਲ ਕੀਤੀਆਂ ਜਾਣਗੀਆਂ।

ਫਾਰਮ ਰਹਿਤ ਸੇਵਾਵਾਂ ਦੀ ਸ਼ੁਰੂਆਤ ਅਤੇ ਮੋਬਾਈਲ ਫੋਨ ‘ਤੇ ਡਿਜੀਟਲ ਤੌਰ ‘ਤੇ ਦਸਤਖਤ ਕੀਤੇ ਸਰਟੀਫਿਕੇਟਾਂ ਦੀ ਸਵੀਕਿ੍ਰਤੀ ਦੇ ਨਾਲ, ਅਰਜੀ ਫਾਰਮ ਭਰਨ ਜਾਂ ਫਾਈਲ ਬਣਾਉਣ ਲਈ ਲੱਗਣ ਵਾਲੇ ਸਮੇਂ ਦੇ ਨਾਲ-ਨਾਲ ਸਰਟੀਫਿਕੇਟ ਪ੍ਰਾਪਤ ਕਰਨ ਲਈ ਨਾਗਰਿਕਾਂ ਨੂੰ ਘੱਟ ਚੱਕਰ ਲਗਾਉਣੇ ਪੈਣਗੇ। ਕੈਬਨਿਟ ਮੰਤਰੀ ਨੇ ਉਨਾਂ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ ਜਿਨਾਂ ਨੇ ਆਪਣੇ ਮੋਬਾਈਲ ਫੋਨਾਂ/ਐਸ.ਐਮ.ਐਸ. ਰਾਹੀਂ ਸਰਟੀਫਿਕੇਟ ਪ੍ਰਾਪਤ ਕੀਤੇ। ਹਾਲ ਹੀ ਵਿੱਚ ਪ੍ਰਸ਼ਾਸਨਿਕ ਸੁਧਾਰ ਮੰਤਰੀ ਵੱਲੋਂ ਹੋਲੋਗ੍ਰਾਮ ਅਤੇ ਭੌਤਿਕ ਹਸਤਾਖਰਾਂ ਨੂੰ ਹਟਾਉਣ ਬਾਰੇ ਐਲਾਨ ਕੀਤਾ ਗਿਆ ਸੀ ਜਿਸ ਸਬੰਧੀ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਨੂੰ ਸੂਬੇ ਭਰ ਵਿੱਚ ਲਾਗੂ ਕਰ ਦਿੱਤਾ ਗਿਆ ਹੈ। ਨਾਗਰਿਕਾਂ ਨੇ ਮੋਬਾਈਲ ਫੋਨਾਂ ‘ਤੇ ਸਰਟੀਫਿਕੇਟ ਪ੍ਰਾਪਤ ਕਰਨ ‘ਤੇ ਆਪਣੀ ਤਸੱਲੀ ਅਤੇ ਖੁਸ਼ੀ ਪ੍ਰਗਟਾਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸ਼ਾਸ਼ਿਕ ਸੁਧਾਰ ਵਿਭਾਗ ਦੇ ਡਾਇਰੈਕਟਰ, ਗਿਰਿਸ਼ ਦਿਆਲਨ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਏ.ਡੀ.ਸੀ. ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ. ਮੁਹਾਲੀ ਸਰਬਜੀਤ ਕੌਰ, ਕੁਲਦੀਪ ਸਿੰਘ, ਦਿਲਜੀਤ ਸਿੰਘ ਤੇ ਅਮਨਦੀਪ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *

View in English