View in English:
May 22, 2024 6:42 am

ਲੁਧਿਆਣਾ ਜ਼ੇਲ੍ਹ ‘ਚ ਚੰਗੇ ਆਚਰਣ ਵਾਲੇ ਕੈਦੀਆਂ ਦੀ ਕੰਜੂਗਲ ਮੁਲਾਕਾਤ ਸ਼ੁਰੂ

ਫੈਕਟ ਸਮਾਚਾਰ ਸੇਵਾ

ਲੁਧਿਆਣਾ, ਅਕਤੂਬਰ 4

ਮੁੜ ਵਸੇਬੇ ਨੂੰ ਯਕੀਨੀ ਬਣਾਉਣ, ਕੈਦੀਆਂ ਦੇ ਵਿਆਹੁਤਾ ਬੰਧਨ ਨੂੰ ਮਜ਼ਬੂਤ ਕਰਨ ਅਤੇ ਕੈਦ ਦੇ ਮਾੜੇ ਪ੍ਰਭਾਵ ਨੂੰ ਖਤਮ ਕਰਨ ਲਈ ਇਕ ਹੋਰ ਕਦਮ ਚੁੱਕਦੇ ਹੋਏ, ਲੁਧਿਆਣਾ ਕੇਂਦਰੀ ਜ਼ੇਲ੍ਹ ਵੱਲੋਂ ਕੈਦੀਆਂ ਲਈ ਕੰਜੂਗਲ ਮੁਲਾਕਾਤ ਦੀ ਸਹੂਲਤ ਸ਼ੁਰੂ ਕੀਤੀ, ਜਿਸ ਤਹਿਤ ਉਨ੍ਹਾਂ ਨੂੰ ਆਪਣੇ ਜੀਵਨ ਸਾਥੀ ਨਾਲ ਇੱਕ ਘੰਟਾ ਬਿਤਾਉਣ ਦਾ ਮੌਕਾ ਦਿੱਤਾ ਜਾਵੇਗਾ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਦੱਸਿਆ ਕਿ ਇਹ ਸਹੂਲਤ ਸਿਰਫ਼ ਉਨ੍ਹਾਂ ਕੈਦੀਆਂ ਨੂੰ ਦਿੱਤੀ ਜਾਵੇਗੀ ਜੋ ਜ਼ੇਲ੍ਹ ਵਿੱਚ ਚੰਗੇ ਆਚਰਣ ਦਾ ਪ੍ਰਦਰਸ਼ਨ ਕਰਨਗੇ ਅਤੇ ਸਜਾ ਦੌਰਾਨ ਸਾਰੇ ਨਿਯਮਾਂ ਦੀ ਪਾਲਣਾ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੇ ਕੈਦੀਆਂ ਨੂੰ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਆਪਣੇ ਜੀਵਨ ਸਾਥੀਆਂ ਨਾਲ ਇੱਕ ਘੰਟਾ ਬਿਤਾਉਣ ਲਈ ਕੰਜੂਗਲ ਮੁਲਾਕਾਤ ਦੀ ਪੇਸ਼ਕਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਜੇਲ੍ਹ ਵਿੱਚ ਚਾਰ ਕੈਦੀਆਂ ਨੇ ਇਸ ਸਹੂਲਤ ਦਾ ਲਾਭ ਉਠਾਇਆ। ਉਨ੍ਹਾਂ ਕਿਹਾ ਕਿ ਕੱਟੜ ਅਪਰਾਧੀ, ਗੈਂਗਸਟਰ, ਉੱਚ ਜੋਖਮ ਵਾਲੇ ਕੈਦੀ, ਜਿਨਸੀ ਅਪਰਾਧਾਂ ਅਤੇ ਦਹੇਜ ਦੇ ਕੇਸਾਂ ਵਿੱਚ ਸ਼ਾਮਲ ਕੈਦੀਆਂ ਨੂੰ ਇਸ ਸਹੂਲਤ ਦਾ ਲਾਭ ਨਹੀਂ ਲੈਣ ਦਿੱਤਾ ਜਾਵੇਗਾ।

ਸੁਪਰਡੰਟ ਨੰਦਗੜ੍ਹ ਨੇ ਦੱਸਿਆ ਕਿ ਜ਼ੇਲ੍ਹ ਵਿੱਚ ਬੰਦ ਕੈਦੀਆਂ ਨੂੰ ਜ਼ੇਲ੍ਹ ਪ੍ਰਸ਼ਾਸਨ ਪਾਸੋਂ ਫਾਰਮ ਭਰਵਾਉਣੇ ਪੈਂਦੇ ਹਨ, ਜਿਸ ਤੋਂ ਬਾਅਦ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਬਾਅਦ ਵਿੱਚ ਅਰਜ਼ੀ ਨੂੰ ਹਰੀ ਝੰਡੀ ਮਿਲਣ ‘ਤੇ ਕੰਜੂਗਲ ਮੁਲਾਕਾਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜ਼ੇਲ੍ਹ ਦੇ ਮੈਡੀਕਲ ਸਟਾਫ ਵੱਲੋਂ ਐੱਚ।ਆਈ।ਵੀ। ਸਮੇਤ ਹੋਰ ਲੋੜੀਂਦੇ ਟੈਸਟ ਵੀ ਕੀਤੇ ਜਾ ਰਹੇ ਹਨ।

ਜ਼ੇਲ੍ਹ ਸੁਪਰਡੈਂਟ ਨੇ ਕਿਹਾ ਕਿ ਇਸ ਸਹੂਲਤ ਦਾ ਉਦੇਸ਼ ਕੈਦੀਆਂ ਨੂੰ ਮੁੱਖ ਧਾਰਾ ਵਿੱਚ ਲਿਆਉਣਾ ਹੈ ਕਿਉਂਕਿ ਉਨ੍ਹਾਂ ਦੇ ਆਚਰਣ ਅਤੇ ਮਾਨਸਿਕ ਤੰਦਰੁਸਤੀ ਵਿੱਚ ਪਰਿਵਾਰ ਦੀ ਅਹਿਮ ਭੂਮਿਕਾ ਹੁੰਦੀ ਹੈ।

Leave a Reply

Your email address will not be published. Required fields are marked *

View in English