View in English:
May 13, 2024 4:44 am

ਮੰਡੀਆਂ ‘ਚ ਲਿਫਟਿੰਗ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ

ਫੈਕਟ ਸਮਾਚਾਰ ਸੇਵਾ

ਪਟਿਆਲਾ, ਅਪ੍ਰੈਲ 28

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਪ੍ਰਕ੍ਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤੇ ਹੁਣ ਤੱਕ ਅੰਦਾਜ਼ਨ ਕੁੱਲ ਆਮਦ ਦੀ 95 ਫ਼ੀਸਦੀ ਕਣਕ ਮੰਡੀਆਂ ਵਿੱਚ ਪੁੱਜ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਹੁਣ ਮੰਡੀਆਂ ਵਿੱਚ ਕਣਕ ਦੀ ਆਮਦ ਅੰਦਰ ਕਮੀ ਆਉਣ ਲੱਗ ਗਈ ਹੈ ਤੇ ਬੀਤੇ ਦਿਨ 33 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਦਾ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹੈ। ਸ਼ੁਰੂ ਵਿੱਚ ਮੌਸਮ ਦੀ ਖਰਾਬੀ ਕਾਰਨ ਲਿਫਟਿੰਗ ਘੱਟ ਹੋ ਰਹੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਕਰੀਬ 40 ਹਜ਼ਾਰ ਮੀਟਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 8 ਲੱਖ 57 ਹਜ਼ਾਰ 918 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਤੇ 8 ਲੱਖ 50 ਹਜ਼ਾਰ 325 ਮੀਟਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਪਹਿਲੀ ਤਰਜੀਹ ਕਿਸਾਨ ਨੂੰ ਰੱਖਿਆ ਜਾ ਰਿਹਾ ਹੈ ਤਾਂ ਕਿ ਮੰਡੀ ਆਏ ਕਿਸਾਨ ਨੂੰ ਬਿਨ੍ਹਾਂ ਕਿਸੇ ਮੁਸ਼ਕਲ ਦੇ ਤੁਰੰਤ ਉਸਦੀ ਜਿਣਸ ਦੀ ਖਰੀਦ ਕਰਕੇ ਕਿਸਾਨ ਨੂੰ ਵਿਹਲਾ ਕੀਤਾ ਜਾਵੇ ਅਤੇ 24 ਘੰਟੇ ਦੇ ਅੰਦਰ ਅੰਦਰ ਬਣਦੀ ਰਕਮ ਦੀ ਅਦਾਇਗੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਹੁਣ ਤੱਕ 1778.68 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਸ਼ੌਕਤ ਅਹਿਮਦ ਪਰੇ ਦੱਸਿਆ ਕਿ ਹੁਣ ਤੱਕ ਪਨਗਰੇਨ ਨੇ 271138 ਮੀਟਰਿਕ ਟਨ, ਮਾਰਕਫੈਡ ਨੇ 213071 ਮੀਟਰਿਕ ਟਨ, ਪਨਸਪ ਨੇ 201877 ਮੀਟਰਿਕ ਟਨ, ਵੇਅਰ ਹਾਊਸ ਨੇ 126132 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 38107 ਮੀਟਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਸੀਜ਼ਨ ਦੀ ਸ਼ੁਰੂਆਤ ਵਿੱਚ ਮੰਡੀਆਂ ਅੰਦਰ ਕਣਕ ਦੀ ਆਮਦ ਘੱਟ ਰਹੀ ਹੈ ਤੇ ਪਿਛਲੇ ਕੁਝ ਦਿਨਾਂ ਅੰਦਰ ਆਮਦ ਵਿੱਚ ਕਾਫ਼ੀ ਤੇਜ਼ੀ ਦੇਖੀ ਗਈ ਹੈ ਤੇ ਹੁਣ ਲਗਭਗ 95 ਫ਼ੀਸਦੀ ਕਣਕ ਦੀ ਆਮਦ ਹੋ ਚੁੱਕੀ ਹੈ ਤੇ ਕੁਝ ਦਿਨ ਅੰਦਰ ਲਿਫਟਿੰਗ ਦਾ ਕੰਮ ਵੀ ਮੁਕੰਮਲ ਹੋ ਜਾਵੇਗਾ।
ਪਟਿਆਲਾ ਜ਼ਿਲ੍ਹੇ ਦੇ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਮੌਜੂਦ ਹਾੜੀ ਸੀਜ਼ਨ ਦੌਰਾਨ ਜ਼ਿਲ੍ਹੇ ਵਿੱਚ ਕਣਕ ਦੀ ਕਟਾਈ ਦਾ ਸਾਰਾ ਕੰਮ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਹੋਇਆ ਹੈ ਤੇ ਮੰਡੀਆਂ ਵਿੱਚ ਵੀ ਕਣਕ ਦੀ ਆਮਦ ਇੱਕ ਹਫ਼ਤਾ ਪੂਰੀ ਤੇਜ਼ੀ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕੀਤੇ ਚੰਗੇ ਪ੍ਰਬੰਧਾਂ ਸਦਕਾ ਸਾਰਾ ਕੰਮ ਸਫ਼ਲਤਾਪੂਰਵਕ ਸਿਰੇ ਚੜ੍ਹ ਰਿਹਾ ਹੈ ਤੇ ਰੋਜ਼ਾਨਾ 40 ਹਜ਼ਾਰ ਮੀਟਰਿਕ ਟਨ ਦੀ ਲਿਫਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੀਜ਼ਨ ਦੌਰਾਨ ਜਿਸ ਵੀ ਮੰਡੀ ਵਿੱਚ ਕੋਈ ਵੀ ਸਮੱਸਿਆ ਆਈ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਉਸ ਨੂੰ ਹੱਲ ਕਰਕੇ ਪੂਰੀ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਇਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆੜ੍ਹਤੀਆਂ, ਖਰੀਦ ਏਜੰਸੀਆਂ ਸਮੇਤ ਸਬੰਧਤ ਵਿਭਾਗਾਂ ਨਾਲ ਪੂਰਾ ਰਾਬਤਾ ਰੱਖ ਕੇ ਪੂਰੀ ਖਰੀਦ ਪ੍ਰੀਕਿਰਿਆ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *

View in English