View in English:
May 17, 2024 9:56 am

ਭਗਵੰਤ ਮਾਨ ਨੇ ਮਲਵਿੰਦਰ ਕੰਗ ਲਈ ਗੜ੍ਹਸ਼ੰਕਰ ਦੇ ਲੋਕਾਂ ਤੋਂ ਮੰਗਿਆ ਸਮਰਥਨ

ਫੈਕਟ ਸਮਾਚਾਰ ਸੇਵਾ

ਗੜ੍ਹਸ਼ੰਕਰ, ਮਈ 2

ਮੁੱਖ ਮੰਤਰੀ ਭਗਵੰਤ ਮਾਨ ਨੇ ਗੜ੍ਹਸ਼ੰਕਰ ਦੇ ਲੋਕਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਦੱਸ ਦੇਈਏ ਕਿ ਜਦੋਂ ਭਗਵੰਤ ਮਾਨ ਦਾ ਕਾਫ਼ਲਾ ਪੋਜੇਵਾਲ ਜਾ ਰਿਹਾ ਸੀ ਤਾਂ ਗੜ੍ਹਸ਼ੰਕਰ ਦੇ ਲੋਕਾਂ ਨੇ ਸੀਐੱਮ ਮਾਨ ਦੇ ਕਾਫ਼ਲੇ ਨੂੰ ਰਸਤੇ ਵਿੱਚ ਰੋਕ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਆਪਣਾ ਸਮਰਥਨ ਦਿੱਤਾ। ਸੀਐਮ ਮਾਨ ਨੇ ਗੜ੍ਹਸ਼ੰਕਰ ਵਾਸੀਆਂ ਦੇ ਇਸ ਪਿਆਰ ਅਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਗੜ੍ਹਸ਼ੰਕਰ ਦੇ ਵਿਕਾਸ ਪ੍ਰਤੀ ਬਹੁਤ ਹੀ ਸੰਜੀਦਾ ਹਨ। ਉਹ ਇਸ ਇਲਾਕੇ ਵਿੱਚ ਬਿਜਲੀ, ਪਾਣੀ, ਨਹਿਰ, ਸੜਕ ਆਦਿ ਦੇ ਕੰਮਾਂ ਸਬੰਧੀ ਅਕਸਰ ਮੈਨੂੰ ਮਿਲਦੇ ਹਨ ਅਤੇ ਕੰਮ ਕਰਵਾ ਕੇ ਹੀ ਵਾਪਸ ਮੁੜਦੇ ਹਨ। ਉਹ ਜਾਣਦੇ ਹਨ ਕਿ ਕੰਮ ਕਿਵੇਂ ਕਰਵਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਗੜ੍ਹਸ਼ੰਕਰ ਬਾਈਪਾਸ ਵੀ ਜਲਦੀ ਹੀ ਬਣਨ ਜਾ ਰਿਹਾ ਹੈ। ਫਿਰ ਇੱਥੇ ਵਿਕਾਸ ਦੀ ਰਫ਼ਤਾਰ ਤੇਜ਼ ਹੋ ਜਾਵੇਗੀ।

ਭੀੜ ਵਿੱਚੋਂ ਇੱਕ ਨੌਜਵਾਨ ਨੇ ਸੀਐਮ ਮਾਨ ਨਾਲ ਸੈਲਫੀ ਲੈਣ ਲਈ ਕਿਹਾ ਤਾਂ ਭਗਵੰਤ ਮਾਨ ਨੇ ਤੁਰੰਤ ਹੀ ਖ਼ੁਸ਼ੀ-ਖ਼ੁਸ਼ੀ ਸੈਲਫੀ ਲੈਣ ਲਈ ਕਹਿ ਦਿੱਤਾ। ਇਸ ‘ਤੇ ਮਾਨ ਨੇ ਕਿਹਾ ਕਿ ਅਸੀਂ ਤੁਹਾਡੇ ਵਰਗੇ ਆਮ ਲੋਕ ਹੀ ਹਾਂ। ਪਹਿਲਾਂ ਰਾਜੇ ਮਹਾਰਾਜੇ ਸਨ ਜਿੰਨਾਂ ਕੋਲ ਕੋਈ ਪਹੁੰਚ ਨਹੀਂ ਸਕਦਾ ਸੀ। ਪਿਛਲੇ ਮੰਤਰੀਆਂ ਦੇ ਆਲੇ ਦੁਆਲੇ ਸੁਰੱਖਿਆ ਦਾ ਘੇਰਾ ਹੁੰਦਾ ਸੀ ਅਤੇ ਭੀੜ ਨੂੰ ਖਿੰਡਾਉਣ ਲਈ ਲੋਕਾਂ ‘ਤੇ ਲਾਠੀਚਾਰਜ ਕੀਤਾ ਜਾਂਦਾ ਸੀ।

ਭਗਵੰਤ ਮਾਨ ਨੇ ਕਿਹਾ ਕਿ ਮੈਂ ਭਾਜਪਾ, ਕੇਂਦਰ ਅਤੇ ਰਾਜਪਾਲ ਵਿਰੁੱਧ ਲੜ ਰਿਹਾ ਹਾਂ। ਮੈਂ ਹਮੇਸ਼ਾ ਤੁਹਾਡੇ ਲਈ ਲੜਦਾ ਰਹਾਂਗਾ। ਮੈਨੂੰ ਤੁਹਾਡੇ ਸਮਰਥਨ ਦੀ ਲੋੜ ਹੈ। ‘ਆਪ’ ਨੂੰ ਪੰਜਾਬ ਵਿਚੋਂ 13 ਸੰਸਦ ਮੈਂਬਰ ਦਿਓ ਤਾਂ ਅਸੀਂ ਤੁਹਾਡੇ ਲਈ ਦੁੱਗਣੀ ਊਰਜਾ ਨਾਲ ਕੰਮ ਕਰਾਂਗੇ। ਮਾਨ ਨੇ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਉਨ੍ਹਾਂ ਨੂੰ ਨੌਜਵਾਨਾਂ ਦੇ ਜਜ਼ਬੇ ਅਤੇ ਬਜ਼ੁਰਗਾਂ ਦੇ ਤਜ਼ਰਬੇ ਦੀ ਲੋੜ ਹੈ। ਸਾਨੂੰ ਮਿਲ ਕੇ ਪਿਛਲੇ 70 ਸਾਲਾਂ ਦੇ ਕੁਸ਼ਾਸਨ ਨੂੰ ਬਦਲਣਾ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਵਿਕਾਸ ਲਈ ਦਿਨ-ਰਾਤ ਕੰਮ ਕਰ ਰਿਹਾ ਹਾਂ। ਕਿਸਾਨਾਂ ਨੂੰ ਹੁਣ ਦਿਨ ਵਿੱਚ 11 ਘੰਟੇ ਬਿਜਲੀ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਊਰਜਾ ਦੋਵਾਂ ਦੀ ਬੱਚਤ ਹੋ ਰਹੀ ਹੈ। ਰਾਤ ਨੂੰ ਅਸੀਂ ਦੂਜੇ ਰਾਜਾਂ ਨੂੰ ਬਿਜਲੀ ਵੇਚ ਰਹੇ ਹਾਂ। ਇਸ ਵਾਰ ਅਸੀਂ ਬਿਜਲੀ ਵੇਚ ਕੇ 90 ਕਰੋੜ ਰੁਪਏ ਕਮਾਏ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਸਿਰਫ਼਼ 21 ਫੀਸਦੀ ਨਹਿਰੀ ਪਾਣੀ ਹੀ ਸਿੰਚਾਈ ਲਈ ਵਰਤਿਆ ਜਾਂਦਾ ਸੀ। ਅਸੀਂ ਪੰਜਾਬ ਦੇ 59% ਖੇਤਰਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਕੀਤੀ ਹੈ। ਅਕਤੂਬਰ ਤੱਕ ਇਹ 70% ਹੋ ਜਾਵੇਗਾ। ਫਿਰ ਪੰਜਾਬ ਦੇ ਕਰੀਬ 6:30 ਹਜ਼ਾਰ ਟਿਊਬਵੈੱਲ ਬੰਦ ਹੋ ਜਾਣਗੇ। ਇਸ ਨਾਲ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਵਧੇਗਾ ਅਤੇ ਲਗਭਗ 6000 ਕਰੋੜ ਰੁਪਏ ਦੀ ਬੱਚਤ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਮਾਵਾਂ ਅਤੇ ਭੈਣਾਂ ਨੂੰ ਵਾਅਦੇ ਮੁਤਾਬਿਕ ਹਰ ਮਹੀਨੇ 1000 ਰੁਪਏ ਵੀ ਦਿੱਤੇ ਜਾਣਗੇ।

ਭਗਵੰਤ ਮਾਨ ਨੇ ਕਿਹਾ ਕਿ ਉਹ ਪੈਸੇ ਅਤੇ ਸ਼ੋਹਰਤ ਲਈ ਰਾਜਨੀਤੀ ਵਿੱਚ ਨਹੀਂ ਆਏ। ਮੈਂ ਕਾਮੇਡੀਅਨ ਹੁੰਦਿਆਂ ਕਾਫ਼ੀ ਸ਼ੋਹਰਤ ਹਾਸਿਲ ਕੀਤੀ। ਮੈਂ ਇੱਥੇ ਸਿਰਫ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਅਤੇ ਸਿਸਟਮ ਨੂੰ ਠੀਕ ਕਰਨ ਆਇਆ ਹਾਂ। ਉਨ੍ਹਾਂ ਕਿਹਾ ਕਿ ਇੱਕ ਕਾਮੇਡੀਅਨ ਵਜੋਂ ਉਹ ਭ੍ਰਿਸ਼ਟ ਸਿਸਟਮ ਦੀ ਆਲੋਚਨਾ ਕਰਦੇ ਰਹੇ ਹਨ ਅਤੇ ਹੁਣ ਮੁੱਖ ਮੰਤਰੀ ਵਜੋਂ ਉਹ ਸਿਸਟਮ ਨੂੰ ਠੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਹਰ ਰੋਜ਼ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੈਂ ਕਦੇ ਵੀ ਅਜਿਹਾ ਫ਼ੈਸਲਾ ਨਾ ਲਵਾਂ ਜਿਸ ਨਾਲ ਕਿਸੇ ਦਾ ਨੁਕਸਾਨ ਹੋਵੇ ਜਾਂ ਕਿਸੇ ਦੀ ਰੋਜ਼ੀ-ਰੋਟੀ ਖੋਹ ਲਈ ਜਾਵੇ।

ਉਨ੍ਹਾਂ ਨੇ ਕਿਹਾ ਕਿ ਭਾਜਪਾ ਸੋਚ ਰਹੀ ਹੈ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ‘ਚ ਪਾ ਕੇ ਰੋਕ ਲੈਣਗੇ, ਪਰੰਤੂ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਵਿਚਾਰ ਦਰਿਆ ਵਾਂਗ ਹਨ ਅਤੇ ਨਦੀਆਂ ਆਪਣਾ ਰਸਤਾ ਖ਼ੁਦ ਬਣਾਉਂਦੀਆਂ ਹਨ। ਉਹ ਆਮ ਆਦਮੀ ਪਾਰਟੀ ਨੂੰ ਨਹੀਂ ਰੋਕ ਸਕਦੇ, ਕਿਉਂਕਿ ਇਸ ਪਾਰਟੀ ਵਿੱਚ ਹਰ ਕੋਈ ਅਰਵਿੰਦ ਕੇਜਰੀਵਾਲ ਹੈ। ਉਹ ਉਨ੍ਹਾਂ ਦੀ ਸੋਚ ਨੂੰ ਕਿਵੇਂ ਰੋਕਣਗੇ?

Leave a Reply

Your email address will not be published. Required fields are marked *

View in English