View in English:
May 20, 2024 6:25 pm

ਭਗਵੰਤ ਮਾਨ ਨੇ ਅਸ਼ੋਕ ਪਰਾਸ਼ਰ ਪੱਪੀ ਲਈ ਜਗਰਾਉਂ ਵਿਖੇ ਕੀਤਾ ਚੋਣ ਪ੍ਰਚਾਰ

ਫੈਕਟ ਸਮਾਚਾਰ ਸੇਵਾ

ਲੁਧਿਆਣਾ, ਮਈ 10

ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਲੋਕ ਸਭਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਜਗਰਾਉਂ ਵਿੱਚ ਇੱਕ ਵੱਡਾ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ।

ਰੋਡ ਸ਼ੋਅ ਵਿੱਚ ਪੁੱਜੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਉਣ ਲਈ ‘ਇਸ ਵਾਰ ਪੰਜਾਬ ਬਣੇਗਾ ਹੀਰੋ, 13-0’ ਦੇ ਜ਼ੋਰਦਾਰ ਨਾਅਰੇ ਲਾਏ। ਰੋਡ ਸ਼ੋਅ ਦੌਰਾਨ ਲੋਕਾਂ ਨੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਅਤੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਲੋਕਾਂ ਨੇ ਕਿਹਾ- ‘ਬਿੱਟੂ ਤੇ ਰਾਜਾ ਗੱਪੀ, ਜਿੱਤੇਗਾ ਸਾਡਾ ਪੱਪੀ’।

ਰੋਡ ਸ਼ੋਅ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹਾਂ ਜਿਸ ਨੂੰ ਲੋਕ ‘ਬਾਈ ਜੀ’ ਕਹਿ ਕੇ ਬੁਲਾਉਂਦੇ ਹਨ। ਜਦੋਂ ਕਿ ਲੋਕ ਪਿਛਲੇ ਮੁੱਖ ਮੰਤਰੀ ਨੂੰ ‘ਕਾਕਾ ਜੀ’ ਅਤੇ ‘ਰਾਜਾ ਸਾਬ੍ਹ’ ਵਰਗੇ ਵੱਡੇ-ਵੱਡੇ ਸ਼ਬਦਾਂ ਨਾਲ ਬੁਲਾਉਂਦੇ ਸਨ। ਇਹੀ ਮੇਰੇ ਪ੍ਰਤੀ ਪੰਜਾਬ ਦੇ ਲੋਕਾਂ ਦਾ ਪਿਆਰ ਹੈ। ਭਗਵੰਤ ਮਾਨ ਨੇ ਕਿਹਾ ਕਿ ਤੁਹਾਡਾ ਪਿਆਰ ਅਤੇ ਸਮਰਥਨ ਮੈਨੂੰ ਕਦੇ ਥੱਕਣ ਨਹੀਂ ਦਿੰਦਾ। ਤੁਹਾਡੇ ਪਿਆਰ ਦਾ ਕਰਜ਼ਾ ਮੈਂ ਸੱਤ ਜਨਮਾਂ ਵਿੱਚ ਵੀ ਨਹੀਂ ਚੁਕਾ ਸਕਦਾ।

ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਦੋ ਸਾਲਾਂ ਦੌਰਾਨ ਅਸੀਂ ਕਈ ਇਤਿਹਾਸਕ ਫ਼ੈਸਲੇ ਲਏ ਹਨ, ਜਿਨ੍ਹਾਂ ਦੇ ਚੰਗੇ ਨਤੀਜੇ ਤੁਹਾਡੇ ਸਾਹਮਣੇ ਹਨ। ਸਾਨੂੰ ਭਵਿੱਖ ਵਿੱਚ ਵੀ ਅਜਿਹੇ ਉਤਸ਼ਾਹ ਨਾਲ ਕੰਮ ਕਰਨ ਲਈ ਤੁਹਾਡੇ ਸਮਰਥਨ ਦੀ ਲੋੜ ਹੈ। ਇਸ ਵਾਰ ਆਮ ਆਦਮੀ ਪਾਰਟੀ ਨੂੰ 13-0 ਨਾਲ ਜਿਤਾਓ। ਸਾਡੇ ਸਾਰੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਲਈ ਆਵਾਜ਼ ਉਠਾਉਣਗੇ ਅਤੇ ਕੇਂਦਰ ਤੋਂ ਪੰਜਾਬ ਦਾ ਇੱਕ-ਇੱਕ ਪੈਸਾ ਵਸੂਲ ਕਰਕੇ ਵਾਪਸ ਲਿਆਉਣਗੇ ਅਤੇ ਅਸੀਂ ਪੰਜਾਬ ਨੂੰ ਮੁੜ ਤੋਂ ਸੋਨੇ ਦੀ ਚਿੜੀ ਬਣਾਵਾਂਗੇ।

ਭਗਵੰਤ ਮਾਨ ਨੇ ਪੀ.ਐਮ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਚੋਣ ‘ਚ ਅਸੀਂ ਸਕੂਲ-ਹਸਪਤਾਲ, ਬਿਜਲੀ-ਪਾਣੀ, ਕਿਸਾਨ ਅਤੇ ਰੁਜ਼ਗਾਰ ਵਰਗੇ ਮੁੱਦਿਆਂ ਅਤੇ ਪਿਛਲੇ ਦੋ ਸਾਲਾਂ ‘ਚ ਸਾਡੀ ਸਰਕਾਰ ਵੱਲੋਂ ਕੀਤੇ ਕੰਮਾਂ ‘ਤੇ ਵੋਟਾਂ ਮੰਗ ਰਹੇ ਹਾਂ। ਇਸ ਦੇ ਨਾਲ ਹੀ ਦਸ ਸਾਲ ਰਾਜ ਕਰਨ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਸਲਮਾਨਾਂ ਅਤੇ ਮੰਗਲ-ਸੂਤਰ ਦੇ ਨਾਂ ‘ਤੇ ਵੋਟਾਂ ਮੰਗ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਗਿਣਤੀ ਕਰਨ ਯੋਗ ਕੋਈ ਕੰਮ ਨਹੀਂ ਹੈ। ਉਹ ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਨਾਂ ‘ਤੇ ਡਰਾ-ਧਮਕਾ ਕੇ ਵੋਟਾਂ ਹਾਸਲ ਕਰਨਾ ਚਾਹੁੰਦੇ ਹਨ।

ਭਾਸ਼ਣ ਦੌਰਾਨ ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬਾਦਲ ਪਰਿਵਾਰ ਦਾ ਸੁਖ-ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖ਼ੂਨ-ਪਸੀਨੇ ਨਾਲ ਬਣਿਆ ਹੈ। ਉਸ ਹੋਟਲ ਵਿੱਚ ਹਰ ਕਮਰੇ ਦੇ ਨਾਲ ਇੱਕ ਪੂਲ ਹੈ। ਉਨ੍ਹਾਂ ਕਿਹਾ ਕਿ ਅਸੀਂ ਸੁਖਬੀਰ ਬਾਦਲ ਤੋਂ ਸੁਖ-ਵਿਲਾਸ ਨੂੰ ਲੈ ਕੇ ਸਕੂਲ ਵਿੱਚ ਤਬਦੀਲ ਕਰਾਂਗੇ। ਇਹ ਪਹਿਲਾ ਸਕੂਲ ਹੋਵੇਗਾ ਜਿਸ ਦੇ ਹਰ ਕਮਰੇ ਵਿੱਚ ਪੂਲ ਹੋਵੇਗਾ। ਇਸਦੇ ਲਈ ਅਸੀਂ ਇੱਕ ਸਲੋਗਨ ਵੀ ਤਿਆਰ ਕੀਤਾ ਹੈ, ‘ਦੁਨੀਆ ਦਾ ਪਹਿਲਾ ਸਕੂਲ, ਜਿਸ ਦੇ ਹਰ ਇਕ ਕਮਰੇ ਦੇ ਪਿੱਛੇ ਪੂਲ’।

ਭਗਵੰਤ ਮਾਨ ਨੇ ਲੋਕਾਂ ਨੂੰ ਕਿਹਾ ਕਿ ਅੱਜ ਤੁਸੀਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਪ੍ਰਮਾਤਮਾ ਅੱਗੇ ਅਰਦਾਸ ਕਰੋ ਤਾਂ ਜੋ ਉਹ ਕੱਲ੍ਹ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਬਾਹਰ ਆ ਜਾਣ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਬਾਹਰ ਆਉਣ ਤੋਂ ਬਾਅਦ ਅਸੀਂ ਦੁੱਗਣੀ ਊਰਜਾ ਨਾਲ ਪ੍ਰਚਾਰ ਕਰਾਂਗੇ ਅਤੇ ਸਾਰੀਆਂ ਸੀਟਾਂ ਜਿੱਤਾਂਗੇ। ਮਾਨ ਨੇ ਲੋਕਾਂ ਨੂੰ ‘ਜੇਲ੍ਹ ਕੇ ਤਾਲੇ ਟੁੱਟੇਂਗੇ, ਕੇਜਰੀਵਾਲ ਛੂਟੇਂਗੇ’ ਦੇ ਨਾਅਰੇ ਲਗਵਾਏ।

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਕਈ ਅਜਿਹੇ ਕੰਮ ਕੀਤੇ ਹਨ, ਜਿਨ੍ਹਾਂ ਬਾਰੇ ਪਿਛਲੀਆਂ ਸਰਕਾਰਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਇਸ ਦਾ ਇੱਕ ਵੱਡਾ ਉਦਾਹਰਨ ਰੋਡ ਸੇਫ਼ਟੀ ਫੋਰਸ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿਕਾਸ ਲਈ ਵੱਡੀ ਸੋਚ ਰੱਖਦੇ ਹਨ। ਉਹ ਜਿੱਥੇ ਵੀ ਜਾਂਦੇ ਹਨ, ਪੰਜਾਬ ਹਮੇਸ਼ਾ ਉਨ੍ਹਾਂ ਦੇ ਮਨ ਵਿਚ ਹੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਖ਼ੁਦ ਜ਼ਿਕਰ ਕਰਦੇ ਹਨ ਕਿ ਉਹ ਦੁਬਈ ਗਏ ਸਨ, ਜਿੱਥੇ ਉਨ੍ਹਾਂ ਨੇ ਰੋਡ ਸੇਫ਼ਟੀ ਫੋਰਸ ਦਾ ਕੰਸੈਪਟ ਦੇਖਿਆ, ਫਿਰ ਉਨ੍ਹਾਂ ਨੇ ਦੁਬਈ ਵਾਂਗ ਪੰਜਾਬ ਵਿੱਚ ਵੀ ਇਸ ਦੀ ਸ਼ੁਰੂਆਤ ਕੀਤੀ ਹੈ।

Leave a Reply

Your email address will not be published. Required fields are marked *

View in English