View in English:
May 19, 2024 10:27 pm

ਬਰਨਾਲਾ ਦੇ ਸੁੰਦਰੀਕਰਨ ‘ਤੇ 13.63 ਕਰੋੜ ਰੁਪਏ ਖਰਚ ਕਰੇਗੀ ਸਰਕਾਰ : ਡਾ. ਨਿੱਜਰ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਪ੍ਰੈਲ 12

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਭਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਰਾਹੀਂ ਆਪਣੇ ਨਾਗਰਿਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਬਰਨਾਲਾ ਦੇ ਸੁੰਦਰੀਕਰਨ ਲਈ ਲਗਭਗ 13.63 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਕੰਮਾਂ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਦਫ਼ਤਰੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਡਾ. ਨਿੱਜਰ ਨੇ ਦੱਸਿਆ ਕਿ ਕੂੜਾ ਪ੍ਰਬੰਧਨ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਇਲਾਕੇ ਦੇ ਵਾਤਾਵਰਣ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਨਗਰ ਕੌਂਸਲ ਬਰਨਾਲਾ ਵਿਖੇ ਵਿਰਾਸਤੀ ਰਹਿੰਦ-ਖੂੰਹਦ ਦੇ ਬਾਇਓ-ਰੀਮੀਡੇਸ਼ਨ ਲਈ 89.64 ਲੱਖ ਰੁਪਏ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ, 1.75 ਕਰੋੜ ਰੁਪਏ ਜਨਤਕ ਅਤੇ ਕਮਿਊਨਿਟੀ ਟਾਇਲਟ ਬਣਾਉਣ ‘ਤੇ ਖਰਚ ਕੀਤੇ ਜਾਣਗੇ ਤਾਂ ਜੋ ਬਿਹਤਰ ਸਵੱਛਤਾ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਅਤੇ ਸਫਾਈ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਬਰਨਾਲਾ ਵਿੱਚ ਚੌਕਾਂ ਨੂੰ ਸੁੰਦਰ ਬਣਾਉਣ ਲਈ ਸਿਵਲ ਅਤੇ ਬਾਗਬਾਨੀ ਦੇ ਕੰਮਾਂ ਲਈ 74.50 ਲੱਖ ਰੁਪਏ ਖਰਚ ਕੀਤੇ ਜਾਣਗੇ, ਜਿਸ ਦਾ ਉਦੇਸ਼ ਖੇਤਰ ਦੀ ਸੁੰਦਰਤਾ ਨੂੰ ਵਧਾਉਣਾ ਹੈ ਅਤੇ ਨਾਗਰਿਕਾਂ ਨੂੰ ਬਿਹਤਰ ਹਰਿਆਲੀ ਪ੍ਰਦਾਨ ਕਰਨਾ ਹੈ।

ਡਾ. ਨਿੱਜਰ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕਚੈਹਰੀ ਚੌਂਕ, ਭਗਤ ਸਿੰਘ ਚੌਂਕ, ਨਹਿਰੂ ਪਾਰਕ ਅਤੇ ਆਈ.ਟੀ.ਆਈ ਚੌਂਕ ਵਿਖੇ ਚੌਂਕਾਂ ਅਤੇ ਫਲਾਈਓਵਰਾਂ ਦੇ ਸੁੰਦਰੀਕਰਨ ਲਈ ਐਲ.ਈ.ਡੀ ਲਾਈਟਾਂ ਅਤੇ ਲੈਂਡਸਕੇਪਿੰਗ ਲਾਈਟਾਂ ਲਗਾਈਆਂ ਜਾਣਗੀਆਂ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 52.84 ਲੱਖ ਰੁਪਏ ਹੈ। ਨਾਗਰਿਕਾਂ ਨਾਲ ਬਿਹਤਰ ਸੰਚਾਰ ਨੂੰ ਉਤਸ਼ਾਹਿਤ ਕਰਨ ਅਤੇ ਮਹੱਤਵਪੂਰਨ ਜਾਣਕਾਰੀ ਅਤੇ ਅੱਪਡੇਟ ਪ੍ਰਦਾਨ ਕਰਨ ਲਈ ਨਗਰ ਕੌਂਸਲ ਬਰਨਾਲਾ ਵਿਖੇ 1.60 ਕਰੋੜ ਰੁਪਏ ਦੀ ਲਾਗਤ ਨਾਲ ਡਿਜੀਟਲ ਡਿਸਪਲੇਅ ਪੋਲ ਲਗਾਏ ਜਾਣਗੇ।

ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਬਰਨਾਲਾ ਦੀ ਸਫਾਈ ਲਈ ਸਫਾਈ ਸੇਵਕਾਂ ਦੀਆਂ ਸੇਵਾਵਾਂ ਲੈਣ ਲਈ 3.92 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਹੋਰ ਅਸਾਮੀਆਂ ਲਈ ਵੀ 1.40 ਕਰੋੜ ਰੁਪਏ ਖਰਚੇ ਜਾਣਗੇ। ਇਸ ਤੋਂ ਇਲਾਵਾ, 2.79 ਕਰੋੜ ਰੁਪਏ ਸਮਾਰਟ ਅਰਧ-ਭੂਮੀਗਤ ਕੂੜਾ ਇਕੱਠਾ ਕਰਨ ਵਾਲੇ ਬਿਨ ਲਗਾਉਣ ਅਤੇ ਡੰਪਿੰਗ ਸਾਈਟ ਤੱਕ ਮਿਉਂਸਪਲ ਠੋਸ ਰਹਿੰਦ-ਖੂੰਹਦ ਦੀ ਆਵਾਜਾਈ ਦੀ ਸਹੂਲਤ ਲਈ ਖਰਚ ਕੀਤੇ ਜਾਣਗੇ।

ਡਾ. ਨਿੱਜਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਨਿਵੇਸ਼ ਨੂੰ ਦਰਸਾਉਂਦੇ ਹਨ ਅਤੇ ਇਸ ਦੇ ਨਾਗਰਿਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ। ਪੰਜਾਬ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਦੇ ਸਫ਼ਲਤਾਪੂਰਵਕ ਮੁਕੰਮਲ ਹੋਣ ਅਤੇ ਸਮਾਜ ‘ਤੇ ਇਨ੍ਹਾਂ ਦੇ ਸਕਾਰਾਤਮਕ ਪ੍ਰਭਾਵ ਦੀ ਉਮੀਦ ਰੱਖਦੀ ਹੈ।

Leave a Reply

Your email address will not be published. Required fields are marked *

View in English