View in English:
May 19, 2024 7:45 pm

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਤੇ ਵਧੀਕ ਮੈਂਬਰ ਸਕੱਤਰ ਨੇ ਜ਼ਿਲ੍ਹਾ ਜੇਲ੍ਹ ਰੂਪਨਗਰ ਦਾ ਕੀਤਾ ਦੌਰਾ

ਫੈਕਟ ਸਮਾਚਾਰ ਸੇਵਾ

ਰੂਪਨਗਰ, ਮਈ 7

ਜ਼ਿਲ੍ਹਾ ਜੱਜ-ਸਹਿਤ-ਮੈਂਬਰ ਸਕੱਤਰ ਮਨਜਿੰਦਰ ਸਿੰਘ ਅਤੇ ਵਧੀਕ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਮੋਹਾਲੀ ਸ਼੍ਰੀਮਤੀ ਸਮ੍ਰਿਤੀ ਧੀਰ ਵੱਲੋਂ ਅੱਜ ਜ਼ਿਲ੍ਹਾ ਜੇਲ੍ਹ ਰੂਪਨਗਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਔਰਤਾਂ ਦੇ ਵਾਰਡ ਵਿੱਚ ਸਿਲਾਈ ਕਢਾਈ ਦੇ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਵੀ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨੇ ਜੇਲ੍ਹ ਵਿਸਟਿੰਗ ਵਕੀਲਾਂ ਨੂੰ ਨਿਰਦੇਸ਼ਤ ਕੀਤਾ ਕਿ ਕੋਈ ਵੀ ਕੈਦੀ ਜੋ ਕਿ ਮੁਫਤ ਕਾਨੂੰਨੀ ਸਹਾਇਤਾ ਲੈਣ ਦਾ ਚਾਹਵਾਨ ਹੈ, ਉਹ ਕਾਨੂੰਨੀ ਸਹਾਇਤਾ ਤੋਂ ਵਾਂਝਾ ਨਾ ਰਹੇ ਅਤੇ ਜੇ ਕੋਈ ਵਿਅਕਤੀ ਨਾਬਾਲਗ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਨ੍ਹਾਂ ਦੀਆਂ ਅਰਜ਼ੀਆਂ ਸਬੰਧਤ ਅਦਾਲਤ ਵਿੱਚ ਦਾਇਰ ਕੀਤੀਆਂ ਜਾਣ ਤਾਂ ਜੋ ਉਨ੍ਹਾਂ ਨੂੰ ਆਬਜਰਵੇਸ਼ਨ ਹੋਮ ਵਿੱਚ ਤਬਦੀਲ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੀ ਸੂਰਤ ਵਿੱਚ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਟੋਲ ਫਰੀ ਨੰਬਰ 15100 ‘ਤੇ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ।

ਮੈਂਬਰ ਸਕੱਤਰ ਤੇ ਵਧੀਕ ਮੈਂਬਰ ਸਕੱਤਰ ਨੇ ਇਸ ਮੌਕੇ ਸਾਰੀਆਂ ਬੈਰਕਾਂ ਅਤੇ ਵਾਰਡਾਂ ਦਾ ਨਿਰੀਖਣ ਕੀਤਾ ਅਤੇ ਮਰਦ ਤੇ ਔਰਤ ਵਾਰਡਾਂ ਦੇ ਕੈਦੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕੈਦੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਜੇਲ੍ਹ ਸੁਪਰਡੈਂਟ ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹਾ ਜੇਲ੍ਹ ਵਿੱਚ ਔਰਤਾਂ ਅਤੇ ਮਰਦ ਕੈਦੀਆਂ ਦੇ ਸੁਧਾਰ ਲਈ ਚੱਲੇ ਆ ਰਹੇ ਟ੍ਰੇਨਿੰਗ ਪ੍ਰੋਗਰਾਮ ਦਾ ਨਿਰੀਖਣ ਵੀ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਹਸਪਤਾਲ, ਲੰਗਰ ਹਾਲ ਅਤੇ ਲੀਗਲ ਏਡ ਕਲੀਨਿਕ ਦਾ ਨਿਰੀਖਣ ਕੀਤਾ।

ਇਸ ਤੋਂ ਬਾਅਦ ਮੈਂਬਰ ਸਕੱਤਰ ਅਤੇ ਵਧੀਕ ਮੈਂਬਰ ਸਕੱਤਰ, ਪਲਸਾ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਦਾ ਵੀ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਫਰੰਟ ਆਫਿਸ ਦਾ ਵੀ ਦੌਰਾ ਕੀਤਾ ਅਤੇ ਉੱਥੇ ਬੈਠੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਤਕਲੀਫਾਂ ਦਾ ਹੱਲ ਕੀਤਾ। ਉਨ੍ਹਾਂ ਨੇ ਵੀ.ਸੀ. ਰੂਮ, ਲੀਗਲ ਏਡ ਡਿਫੈਂਸ ਕੌਂਸਲ ਦੇ ਦਫਤਰ ਅਤੇ ਮੈਡੀਏਸ਼ਨ ਸੈਂਟਰ ਦਾ ਵੀ ਨਿਰੀਖਣ ਕੀਤਾ।

ਇਸ ਮੌਕੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ, ਸੁਪਰਡੈਂਟ ਜ਼ਿਲ੍ਹਾ ਜੇਲ੍ਹ ਰੂਪਨਗਰ ਗੁਰਨਾਮ ਲਾਲ, ਡਿਪਟੀ ਜੇਲ੍ਹ ਸੁਪਰਡੈਂਟ ਅਨਮੋਲਜੀਤ ਸਿੰਘ, ਡਿਪਟੀ ਜੇਲ੍ਹ ਸੁਪਰਡੈਂਟ ਬਲਵਿੰਦਰ ਸਿੰਘ, ਚੀਫ ਐਲ.ਏ.ਡੀ.ਸੀ. ਰਾਜਬੀਰ ਸਿੰਘ ਰਾਏ, ਸਹਾਇਕ ਐਲ.ਏ.ਡੀ.ਸੀ. ਅਸ਼ੀਸ਼ ਕੁਮਾਰ, ਸਹਾਇਕ ਐਲ.ਏ.ਡੀ.ਸੀ. ਮਿਸ ਕਰਮਜੀਤ ਕੌਰ ਰੂਪਨਗਰ ਹਾਜ਼ਰ ਰਹੇ।

Leave a Reply

Your email address will not be published. Required fields are marked *

View in English