View in English:
May 17, 2024 4:11 pm

ਪੰਜਾਬ ਪੁਲਿਸ ਤੇ ਜੇਲ੍ਹ ਵਿਭਾਗ ਨੇ ਪੰਜਾਬ ਦੀਆਂ 25 ਜੇਲ੍ਹਾਂ ਵਿੱਚ ਸਾਂਝੇ ਤੌਰ ’ਤੇ ਚਲਾਇਆ ਤਲਾਸ਼ੀ ਅਭਿਆਨ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਗਸਤ 2

ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਮੁਤਾਬਿਕ ਜੇਲ੍ਹਾਂ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ, ਨਸ਼ੀਲੇ ਪਦਾਰਥ ਅਤੇ ਇਲੈਕਟਰਾਨਿਕ ਉਪਕਰਣਾਂ ਵਿਰੁੱਧ ਚੌਕਸੀ ਰੱਖਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਜੇਲ੍ਹ ਵਿਭਾਗ ਨਾਲ ਸਾਂਝੇ ਤੌਰ ’ਤੇ ‘ਆਪ੍ਰੇਸ਼ਨ ਸਤਰਕ’ ਨਾਮਕ ਵਿਸ਼ੇਸ਼ ਅਭਿਆਨ ਚਲਾਇਆ, ਜਿਸ ਤਹਿਤ ਰਾਜ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਇੱਕੋ ਸਮੇਂ ’ਤੇ ਤਲਾਸ਼ੀ ਕੀਤੀ ਗਈ।

ਇਹ ਕਾਰਵਾਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਕੀਤੀ ਗਈ , ਜਿਸ ਤਹਿਤ ਸੂਬੇ ਦੀਆਂ 25 ਜੇਲ੍ਹਾਂ– ਕੇਂਦਰੀ, ਜ਼ਿਲ੍ਹਾ ਅਤੇ ਸਬ-ਡਵੀਜ਼ਨ ਜੇਲ੍ਹਾਂ ਵਿੱਚ ਤਲਾਸ਼ੀ ਕੀਤੀ ਗਈ।

ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਖੁਦ ਇਸ ਸੂਬਾ ਪੱਧਰੀ ਕਾਰਵਾਈ ਦੀ ਅਗਵਾਈ ਕਰਦਿਆਂ ਏ.ਡੀ.ਜੀ.ਪੀ. ਜੇਲ੍ਹਾਂ ਅਰੁਣ ਪਾਲ ਸਿੰਘ ਦੇ ਨਾਲ ਕੇਂਦਰੀ ਜੇਲ੍ਹ ਪਟਿਆਲਾ ਪਹੁੰਚਕੇ ਚੈਕਿੰਗ ਕੀਤੀ। ਇਸ ਮੌਕੇ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ), ਪਟਿਆਲਾ ਰੇਂਜ, ਮੁਖਵਿੰਦਰ ਸਿੰਘ ਛੀਨਾ ਅਤੇ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੀ ਮੌਜੂਦ ਸਨ।

ਇਹ ਅਪ੍ਰੇਸ਼ਨ ਜਿਸ ਵਿੱਚ 2500 ਤੋਂ ਵੱਧ ਪੁਲਿਸ ਕਰਮੀਆਂ ਦੀ ਮਜ਼ਬੂਤ ਨਫ਼ਰੀ ਸ਼ਾਮਲ ਸੀ, ਨੂੰ ਸੂਬੇ ਭਰ ’ਚ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਇੱਕੋ ਸਮੇਂ ’ਤੇ ਚਲਾਇਆ ਗਿਆ ਅਤੇ ਐਸਐਸਪੀਜ਼ ਨੂੰ ਆਪਣੇ ਸਬੰਧਤ ਜ਼ਿਲਿ੍ਹਆਂ ਵਿੱਚ ਆਪਰੇਸ਼ਨ ਦੀ ਅਗਵਾਈ ਕਰਨ ਲਈ ਕਿਹਾ ਗਿਆ ਸੀ । ਇਸ ਦੌਰਾਨ ਜੇਲ੍ਹਾਂ ਦੇ ਅੰਦਰ ਅਤੇ ਬਾਹਰ ਪੁਲਿਸ ਦੀ ਭਾਰੀ ਤਾਇਨਾਤੀ ਕੀਤੀ ਗਈ ਸੀ ਤਾਂ ਜੋ ਕੋਈ ਵੀ ਸ਼ਖ਼ਸ ਜੇਲ੍ਹ ਤੋਂ ਕੁਝ ਵੀ ਬਾਹਰ ਨਾ ਸੁੱਟ ਸਕੇ। ਅਭਿਆਨ ਵਿੱਚ ਸਨਿਫਰ ਡਾਗਜ਼ (ਸੁੰਘਣ ਵਾਲੇ ਕੁੱਤੇ) ਵੀ ਸ਼ਾਮਲ ਕੀਤੇ ਗਏ।

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਇਸ ਕਾਰਵਾਈ ਦਾ ਮਕਸਦ ਨਾ ਸਿਰਫ਼ ਜੇਲ੍ਹ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਹੈ, ਸਗੋਂ ਇਹ ਯਕੀਨੀ ਬਣਾਉਣਾ ਵੀ ਹੈ ਕਿ ਕੈਦੀਆਂ ਨੂੰ ਉਹ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਜਿਨ੍ਹਾਂ ਦੇ ਉਹ ਬਾ-ਕਾਨੂੰਨ ਹੱਕਦਾਰ ਹਨ। ਉਹਨਾਂ ਕਿਹਾ, “ਸਾਡੀਆਂ ਪੁਲਿਸ ਟੀਮਾਂ ਨੇ ਜੇਲ੍ਹ ਕੰਪਲੈਕਸ ਵਿੱਚ ਬੈਰਕਾਂ, ਰਸੋਈਆਂ ਅਤੇ ਪਖਾਨਿਆਂ ਸਮੇਤ ਜੇਲ੍ਹ ਦੇ ਚੱਪੇ-ਚੱਪੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ । ”

ਅਭਿਆਨ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸੂਬਾ ਪੱਧਰੀ ਤਲਾਸ਼ੀ ਅਭਿਆਨ ਦੌਰਾਨ ਵੱਖ-ਵੱਖ ਜੇਲ੍ਹਾਂ ਦੀਆਂ ਬੈਰਕਾਂ ਵਿੱਚੋਂ 21 ਮੋਬਾਈਲ ਫ਼ੋਨ ਸਮੇਤ ਸਿਮ ਕਾਰਡ ਅਤੇ ਚਾਰਜਰ, ਮੋਡੀਫਾਈਡ ਚਾਕੂ, ਮੇਖਾਂ ਅਤੇ 8.7 ਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ।

ਜ਼ਿਕਰਯੋਗ ਹੈ ਕਿ ਵਿਸ਼ੇਸ਼ ਡੀਜੀਪੀ ਨੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਕੀਤੇ ਗਏ ਪੁਖਤਾ ਸੁਰੱਖਿਆ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ।

Leave a Reply

Your email address will not be published. Required fields are marked *

View in English