View in English:
May 18, 2024 1:12 pm

ਪੰਜਾਬ ਨੂੰ ਖੇਡਾਂ ਵਿਚ ਮੁੜ ਅੱਵਲ ਬਣਾਉਣ ‘ਚ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ : ਹਰਜੋਤ ਬੈਂਸ

ਫੈਕਟ ਸਮਾਚਾਰ ਸੇਵਾ

ਰੂਪਨਗਰ, ਸਤੰਬਰ 26

ਪੰਜਾਬ ਸ਼ਹੀਦਾਂ ਦੀ ਮਹਾਨ ਧਰਤੀ ਹੈ ਪਰ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਇਹ ਧਰਤੀ ਨਸ਼ਿਆਂ ਦੀ ਲਪੇਟ ਵਿਚ ਆ ਗਈ। ਪਰ ਪੰਜਾਬ ਦੇ ਲੋਕਾਂ ਨੇ ਇਤਿਹਾਸਕ ਫ਼ਤਵਾ ਦੇ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਣਾਈ ਅਤੇ ਸਰਕਾਰ ਪਹਿਲੇ ਦਿਨ ਤੋਂ ਹੀ ਨਸ਼ਿਆਂ ਦੇ ਖਾਤਮੇ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਦਾ ਉਪਰਾਲਾ ਕੀਤਾ ਗਿਆ ਹੈ ਅਤੇ ਪੰਜਾਬ ਨੂੰ ਖੇਡਾਂ ਵਿਚ ਮੁੜ ਅੱਵਲ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਖੇਡਾਂ ਵਤਨ ਪੰਜਾਬ ਦੀਆਂ-2 ਦੇ ਜ਼ਿਲ੍ਹਾ ਪੱਧਰੀ ਖੇਡਾਂ ਦੀ ਰਸਮੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।

ਹਰਜੋਤ ਸਿੰਘ ਬੈਂਸ ਨੇ ਨਹਿਰੂ ਸਟੇਡੀਅਮ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਹੜੇ ਖਿਡਾਰੀ ਏਸ਼ੀਅਨ ਖੇਡਾਂ ਵਿੱਚ ਭਾਗ ਲੈਣ ਲਈ ਗਏ ਉਹਨਾਂ ਨੂੰ ਪਹਿਲਾਂ ਹੀ ਤਿਆਰੀ ਕਰਨ ਦੇ ਲਈ ਪੈਸੇ ਦਿੱਤੇ ਗਏ ਤਾਂ ਜੋ ਖਿਡਾਰੀ ਪੂਰੀ ਤਾਕਤ ਨਾਲ ਤਿਆਰੀ ਕਰ ਸਕਣ। ਕੈਬਨਿਟ ਮੰਤਰੀ ਬੈਂਸ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਦੀ ਭਾਵਨਾ ਨਾਲ ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਤੇ ਆਪਣੇ ਜ਼ਿਲ੍ਹੇ ਅਤੇ ਅੱਗੇ ਆਪਣੇ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ ਪੀੜ੍ਹੀ ਨੂੰ ਤਿਆਰ ਕਰਨ ਲਈ ਵੀ ਉਪਰਾਲੇ ਲਗਾਤਾਰ ਜਾਰੀ ਹਨ ਅਤੇ ਇਸ ਸਾਲ ਜ਼ਿਲ੍ਹਾ ਰੂਪਨਗਰ ਵਿਖੇ ਬਲਾਕ ਪੱਧਰ ਉੱਤੇ ਕਰਵਾਈਆਂ ਇਨ੍ਹਾਂ ਖੇਡਾਂ ਵਿੱਚ ਵਿੱਚ 10 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।

ਸਕੂਲਾਂ ਦੇ ਸਰਵਪੱਖੀ ਵਿਕਾਸ ਸਬੰਧੀ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੇ ਸਕੂਲਾਂ ਵਿੱਚ 18 ਕਰੋੜ ਰੁਪਏ ਤੋਂ ਵੱਧ ਦੇ ਕਾਰਜ ਸ਼ੁਰੂ ਕੀਤੇ ਜਾ ਰਹੇ ਹਨ। ਪੰਜਾਬ ਸੂਬੇ ਵਿੱਚ 20 ਹਜ਼ਾਰ ਸਕੂਲਾਂ ਵਿੱਚੋਂ 9 ਹਜ਼ਾਰ ਇਹੋ ਜਿਹੇ ਸਕੂਲ ਹਨ ਜਿਹਨਾਂ ਵਿੱਚ ਚਾਰ ਦੀਵਾਰੀ ਨਹੀ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਬੱਚਿਆ ਦੀ ਸੁਰੱਖਿਆ ਅਤੇ ਸਕੂਲਾਂ ਦੀ ਹੱਦ ਨੂੰ ਨਿਰਧਾਰਿਤ ਕਰਨ ਲਈ ਚਾਰੀ ਦਵਾਰੀ ਸਮੇਤ ਕਲਾਸ ਰੂਮਾਂ ਦਾ ਆਧੁਨਿਕਕਨ ਖੇਡ ਮੈਦਾਨਾਂ ਦਾ ਵਿਕਾਸ ਆਦਿ ਕੀਤਾ ਜਾ ਰਿਹਾ ਹੈ।

ਕੈਬਨਿਟ ਮੰਤੀਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਹਾਈ ਸਪੀਡ ਵਾਈ-ਫਾਈ ਲਈ ਬੀ.ਐੱਸ.ਐੱਨ.ਐੱਲ ਨੂੰ 24 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਇਹ ਵਾਈ-ਫਾਈ ਦੀ ਸੇਵਾ ਸ਼ੁਰੂ ਕਰਨ ਲਈ 31 ਦਸੰਬਰ ਤੱਕ ਮੁਕੰਮਲ ਕਰਨ ਦੀ ਹਦਾਇਤ ਵੀ ਜਾਰੀ ਕੀਤੀ ਗਈ ਹੈ। ਜਿਹੜੇ ਸਕੂਲਾਂ ਵਿੱਚ ਬੱਚਿਆਂ ਲਈ ਬੈਠਣ ਲਈ ਬੈਚ ਨਹੀਂ ਹਨ ਉਹਨਾਂ ਨੂੰ ਬੈਂਚ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਸਕੂਲਾਂ ਦੇ ਨਵੀਨੀਕਰਨ ਤੋਂ ਲੈਕੇ ਹਰ ਬੁਨਿਆਦੀ ਲੋੜ ਨੂੰ ਪੂਰਾ ਕੀਤਾ ਜਾ ਰਿਹਾ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਪਈਆਂ ਸਨ।

ਇਸ ਮੌਕੇ ਬੈਜ ਲਾਉਣ ਦੀ ਰਸਮ ਤੋਂ ਬਾਅਦ ਖਿਡਾਰੀਆਂ ਨੂੰ ਖੇਡਾਂ ਵਿਚ ਖੇਡ ਭਾਵਨਾ ਨਾਲ ਹਿੱਸਾ ਲੈਣ ਅਤੇ ਖੇਡ ਨਿਯਮਾਂ ਦੀ ਪਾਲਣਾ ਹਿੱਤ ਸਹੁੰ ਵੀ ਚੁਕਾਈ ਗਈ ਅਤੇ ਨਾਲ ਹੀ ਖਿਡਾਰੀਆਂ ਨੂੰ ਪਰਾਲੀ ਨਾ ਸਾੜਨ ਲਈ ਆਪਣੇ ਮਾਪਿਆਂ ਅਤੇ ਸਮਾਜ ਨੂੰ ਜਾਗਰੂਕ ਕਰਨ ਹਿੱਤ ਵੀ ਸਹੁੰ ਚੁਕਾਈ ਗਈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪੱਧਰੀ ਖੇਡਾਂ ਮੌਕੇ ਖਿਡਾਰੀਆਂ ਦੇ ਰਿਫਰੈਸ਼ਮੈਂਟ ਤੋਂ ਇਲਾਵਾ ਬੂਟ ਅਤੇ ਟਰੈਕ ਸੂਟ ਵੀ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਖੇਡਾਂ ਨਾਲ ਜੁੜ ਸਕਣ ਅਤੇ ਪੰਜਾਬ ਸਰਕਾਰ ਵਲੋਂ ਮਿੱਥੇ ਗਏ ਤੰਦੁਰਸਤ ਪੰਜਾਬ ਦੇ ਟੀਚੇ ਨੂੰ ਹਾਸਿਲ ਕੀਤਾ ਜਾ ਸਕੇ।

ਇਸ ਮੌਕੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਮੁੱਖ ਮੰਤਰੀ ਫੀਲਡ ਅਫਸਰ ਅਨਮਜੋਤ ਕੌਰ, ਐੱਸ.ਡੀ.ਐਮ. ਹਰਬੰਸ ਸਿੰਘ, ਸਹਾਇਕ ਸਿਵਲ ਸਰਜਨ ਡਾ. ਅੰਜੂ, ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ, ਸਰਕਾਰੀ ਕਾਲਜ ਪ੍ਰਿੰ. ਜਤਿੰਦਰ ਸਿੰਘ ਗਿੱਲ, ਪ੍ਰੋ.ਨਿਰਮਲ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐੱਸ.ਪੀ ਸਿੰਘ, ਰੋਇੰਗ ਕੋਚ ਗੁਰਜਿੰਦਰ ਸਿੰਘ ਚੀਮਾ, ਸ਼ਿਵ ਕੁਮਾਰ ਲਾਲਪੁਰਾ, ਐਡਵੋਕੇਟ ਗੌਰਵ ਅਤੇ ਹੋਰ ਵੱਖ-ਵੱਖ ਸੀਨੀਅਰ ਅਧਿਕਾਰੀ ਤੇ ਅਧਿਆਪਕਾਂ ਸਮੇਤ ਕੋਚ ਸਾਹਿਬਾਨ ਹਾਜ਼ਰ ਸਨ।

Leave a Reply

Your email address will not be published. Required fields are marked *

View in English