View in English:
May 1, 2024 1:10 am

ਦੁਬਈ ‘ਚ ਭਾਰੀ ਬਾਰਿਸ਼ ਕਾਰਨ ਆਇਆ ਹੜ੍ਹ

ਫੈਕਟ ਸਮਾਚਾਰ ਸੇਵਾ

ਦੁਬਈ , ਅਪ੍ਰੈਲ 17

ਸੰਯੁਕਤ ਅਰਬ ਅਮੀਰਾਤ ਅਤੇ ਇਸ ਦੇ ਆਸਪਾਸ ਦੇ ਦੇਸ਼ਾਂ ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਪਿਆ। ਮੀਂਹ ਇੰਨਾ ਤੇਜ਼ ਹੋ ਗਿਆ ਕਿ ਕਈ ਥਾਵਾਂ ‘ਤੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਭਾਰੀ ਮੀਂਹ ਕਾਰਨ ਯੂਏਈ ਦੇ ਮੁੱਖ ਹਾਈਵੇਅ ਦੇ ਕੁਝ ਹਿੱਸਿਆਂ ਵਿੱਚ ਹੜ੍ਹ ਆ ਗਿਆ ਅਤੇ ਦੁਬਈ ਦੀਆਂ ਸੜਕਾਂ ‘ਤੇ ਖੜ੍ਹੇ ਵਾਹਨ ਪਾਣੀ ਵਿੱਚ ਡੁੱਬ ਗਏ।

ਇਸ ਤੋਂ ਇਲਾਵਾ ਭਾਰੀ ਬਾਰਸ਼ ਦੇ ਕਾਰਨ ਯੂਏਈ ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ। ਸਕੂਲਾਂ ਨੇ ਆਨਲਾਈਨ ਕਲਾਸਾਂ ਚਲਾਈਆਂ। ਸਰਕਾਰੀ ਕਰਮਚਾਰੀਆਂ ਨੂੰ ਵੀ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ। ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਦੁਬਈ ਇੰਟਰਨੈਸ਼ਨਲ ਏਅਰਪੋਰਟ (ਡੀਐਕਸਬੀ) ‘ਤੇ ਸੰਚਾਲਨ ਲਗਪਗ 25 ਮਿੰਟ ਲਈ ਰੋਕ ਦਿੱਤਾ ਗਿਆ। ਇਸ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪਈਆਂ ਅਤੇ ਕਈ ਦੇਰੀ ਨਾਲ ਚੱਲੀਆਂ।

ਪ੍ਰਸ਼ਾਸਨ ਨੂੰ ਕਈ ਹਾਈਵੇਅ ਅਤੇ ਸੜਕਾਂ ਤੋਂ ਪਾਣੀ ਕੱਢਣ ਲਈ ਵੱਡੇ ਪੰਪ ਲਗਾਉਣੇ ਪਏ। ਪਾਣੀ ਦਾ ਪੱਧਰ ਇੰਨਾ ਉੱਚਾ ਸੀ ਕਿ ਕਈ ਵਾਹਨ ਡੁੱਬ ਗਏ।
ਯੂਏਈ ਦੇ ਅਸਮਾਨ ਵਿੱਚ ਬਹੁਤ ਜ਼ਿਆਦਾ ਬਿਜਲੀ ਚਮਕੀ ਅਤੇ ਇਸ ਤੋਂ ਬਾਅਦ ਭਾਰੀ ਮੀਂਹ ਦਾ ਦੌਰ ਜਾਰੀ ਰਿਹਾ। ਕਾਲੇ ਆਸਮਾਨ ਅਤੇ ਤੇਜ਼ ਹਵਾਵਾਂ ਕਾਰਨ ਪੂਰਾ ਦੁਬਈ ਬੱਦਲਾਂ ਦੀ ਲਪੇਟ ‘ਚ ਆ ਗਿਆ।

ਦੁਬਈ ‘ਚ ਭਾਰੀ ਮੀਂਹ ਤੋਂ ਬਾਅਦ ਲੋਕ ਆਪਣੇ ਘਰਾਂ ਦੇ ਬਾਹਰ ਕਿਸ਼ਤੀਆਂ ਦੀ ਮਦਦ ਲੈਂਦੇ ਦੇਖੇ ਗਏ। ਘਰਾਂ ਦੇ ਬਾਹਰ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Leave a Reply

Your email address will not be published. Required fields are marked *

View in English