View in English:
May 20, 2024 11:09 am

ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਲਈ ਐਪਲ ਅਧਾਰਿਤ ਐਪ ਲਾਂਚ

ਫੈਕਟ ਸਮਾਚਾਰ ਸੇਵਾ

ਅੰਮ੍ਰਿਤਸਰ, ਮਈ 9

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪ੍ਰਸਾਰਣ ਹੁੰਦਾ ਗੁਰਬਾਣੀ ਕੀਰਤਨ ਹੁਣ ਐਪਲ ਦੇ ਫੋਨ, ਲੈਪਟਾਪ, ਆਈ-ਪੈਡ ਅਤੇ ਕੰਪਿਊਟਰ ਵਰਤਣ ਵਾਲੇ ਵੀ ਆਡੀਓ ਰੂਪ ਵਿੱਚ ਸੁਣ ਸਕਣਗੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਦੀ ਅਧਿਕਾਰਤ ਐਪਲ ਆਈਓਐੱਸ ਅਧਾਰਿਤ ਐਪਲੀਕੇਸ਼ਨ ਜਾਰੀ ਕੀਤੀ ਹੈ। ਇਸ ਐਪ ਦਾ ਨਾਮ ‘ਐਸਜੀਪੀਸੀ ਗੁਰਬਾਣੀ ਕੀਰਤਨ’ ਹੈ, ਜੋ ਕਿ ਐਪਲ ਐਪਲੀਕੇਸ਼ਨ ਸਟੋਰ ਤੋਂ ਸ਼ਰਧਾਲੂ ਡਾਊਨਲੋਡ ਕਰ ਸਕਣਗੇ। ਐਪ ਜਾਰੀ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਵਿਸ਼ਵ ਦੀਆਂ ਸੰਗਤਾਂ ਲਈ ਆਸਥਾ ਦਾ ਕੇਂਦਰ ਹੈ ਅਤੇ ਹਰ ਸ਼ਰਧਾਲੂ ਦੀ ਇਸ ਪਾਵਨ ਅਸਥਾਨ ਤੋਂ ਗੁਰਬਾਣੀ ਕੀਰਤਨ ਸਰਵਣ ਕਰਨ ਦੀ ਤਾਂਘ ਹੁੰਦੀ ਹੈ। ਸੰਗਤ ਦੀ ਇਸ ਭਾਵਨਾ ਦਾ ਸਤਿਕਾਰ ਕਰਦਿਆਂ ਐਪ ਜਾਰੀ ਕੀਤੀ ਗਈ ਹੈ, ਕਿਉਂਕਿ ਮੌਜੂਦਾ ਸਮੇਂ ਹਰ ਵਿਅਕਤੀ ਮੋਬਾਈਲ ਆਦਿ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਐਪਲ ਦੇ ਫੋਨ ਰੱਖਣ ਵਾਲਿਆਂ ਲਈ ਅੱਜ ਜਾਰੀ ਕੀਤੀ ਇਸ ਗੁਰਬਾਣੀ ਐਪ ਤੋਂ ਪਹਿਲਾਂ ਐਂਡ੍ਰੋਇਡ ਫੋਨ ਵਰਤਣ ਵਾਲਿਆਂ ਵਾਸਤੇ ਵੀ ਐਪ ਕਾਰਜਸ਼ੀਲ ਹੈ, ਜਿਸ ਨੂੰ ਸੰਗਤ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਐਡਵੋਕੇਟ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਅਧਿਕਾਰਤ ਐਪ ਦੀ ਵਰਤੋਂ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਹੋਣ ਵਾਲੇ ਪੂਰੇ ਦਿਨ ਦਾ ਸਿੱਧਾ ਆਡੀਓ ਪ੍ਰਸਾਰਣ ਸਰਵਣ ਕਰਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਡ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸਕੱਤਰ ਪ੍ਰਤਾਪ ਸਿੰਘ, ਓਐਸਡੀ ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

View in English