View in English:
May 3, 2024 2:01 pm

ਡਿਪਟੀ ਕਮਿਸ਼ਨਰ ਵਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਦਾਣਾ ਮੰਡੀ ਦਾ ਕੀਤਾ ਦੌਰਾ

ਫੈਕਟ ਸਮਾਚਾਰ ਸੇਵਾ

ਬਟਾਲਾ, ਅਪ੍ਰੈਲ 20

ਵਿਸ਼ੇਸ਼ ਸਾਰੰਗਲ, ਡਿਪਟੀ ਕਮਿਸ਼ਨਰ ਵਲੋਂ ਦਾਣਾ ਮੰਡੀ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਦੌਰਾ ਕੀਤਾ ਗਿਆ ਅਤੇ ਕਣਕ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਉਨਾਂ ਇਸ ਮੌਕੇ ਖਰੀਦ ਵਿਚ ਲੱਗੇ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਕਿ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੇ ਤਸੱਲੀਬਖਸ਼ ਪ੍ਰਬੰਧ ਰੱਖੇ ਜਾਣ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਵਿੱਕਰੀ ਸਮੇਂ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਵਾਢੀ ਦਾ ਸਮਾਂ ਚੱਲ ਰਿਹਾ ਹੈ ਪਰ ਬੇਮੌਸਮੀ ਬਰਸਾਤ ਪੈਣ ਕਰਕੇ ਜਿਲ੍ਹੇ ਦੇ ਸਾਰੇ ਐਸਡੀਐਮਜ, ਸੀਆਰਓਜ ਅਤੇ ਰੈਵੀਨਿਊ ਸਟਾਫ ਵਲੋਂ ਵੀ ਜਿਥੇ ਜਿਥੇ ਫੀਲਡ ਵਿੱਚ ਬਰਸਾਤ ਹੋਈ ਹੈ, ਦਾ ਮੌਕਾ ਦੇਖਿਆ ਗਿਆ ਪਰ ਖੜੀ ਫਸਲ ਦਾ ਡੈਮੇਜ ਨਹੀਂ ਪਾਇਆ ਗਿਆ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਮੰਡੀਆਂ ਵਿੱਚ ਫਸਲ ਖਰੀਦ ਲਈ ਪਰਬੰਧ ਤਲੱਸ਼ੀਬਖਸ਼ ਹਨ ਅਤੇ ਪੰਜਾਬ ਸਰਕਾਰ ਅਤੇ ਜਿਲਾ ਪਰਸ਼ਾਸਨ ਕਣਕ ਦੀ ਫਸਲ ਦਾ ਇਕੱਲਾ ਇਕੱਲਾ ਦਾਣਾ ਖਰੀਦਣ ਲਈ ਪ੍ਰਤੀਬੱਧ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚ ਕਰੀਬ 6.62 ਲੱਖ ਮੀਟਰਿਕ ਟਨ ਕਣਕ ਦੀ ਆਮਦ ਦੀ ਸੰਭਾਵਨਾ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼ੀ ਨਾਲ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਨੂੰ ਅਲਾਟ ਕਰ ਦਿੱਤੀਆਂ ਗਈਆਂ ਹਨ ਅਤੇ ਕਿਸੇ ਤਰਾਂ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਸਫ਼ਾਈ ਦੇ ਨਾਲ-ਨਾਲ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਛਾਂ, ਪਖਾਨੇ, ਲਾਈਟਾਂ, ਬਾਰਦਾਨੇ, ਲੇਬਰ ਅਤੇ ਲਿਫ਼ਟਿੰਗ ਸਮੇਤ ਸਾਰੇ ਪ੍ਰਬੰਧ ਵੀ ਯਕੀਨੀ ਬਣਾਏ ਜਾਣ। ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਾਰੀਆਂ ਮੰਡੀਆਂ ਵਿੱਚ ਆੜ੍ਹਤੀਆਂ ਕੋਲ ਲੋੜੀਂਦੀ ਮਾਤਰਾ ਵਿੱਚ ਤਰਪਾਲ਼ਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ਤਾਂ ਜੋ ਮੌਸਮ ਦੀ ਖ਼ਰਾਬੀ ਦੇ ਮੱਦੇਨਜ਼ਰ ਫ਼ਸਲ ਨੂੰ ਭਿੱਜਣ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫ਼ਸਲ ਲਈ 12 ਫ਼ੀਸਦੀ ਤੱਕ ਨਮੀ ਨਿਰਧਾਰਿਤ ਕੀਤੀ ਗਈ ਹੈ, ਇਸ ਲਈ ਕਿਸਾਨ ਆਪਣੀ ਫ਼ਸਲ ਪੂਰੀ ਤਰ੍ਹਾਂ ਪੱਕਣ ’ਤੇ ਹੀ ਕਟਾਈ ਕਰਨ। ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਬਿਲਕੁਲ ਨਾ ਲਗਾਈ ਜਾਵੇ ਕਿਉਂਕਿ ਇਹ ਧਰਤੀ ਦੀ ਉਪਜਾਊ ਸ਼ਕਤੀ ਦੇ ਨਾਲ ਸਮੁੱਚੇ ਵਾਤਾਵਰਨ ਲਈ ਬਹੁਤ ਹਾਨੀਕਾਰਕ ਹੈ।

ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿਹਾ ਕਿ ਕਣਕ ਦੀ ਖ਼ਰੀਦ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫ਼ਸਲ ਵੇਚਣ ਸਮੇਂ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ।

ਇਸ ਮੌਕੇ ਡੀ ਐਫ ਸੀ ਸੁਖਵਿੰਦਰ ਸਿੰਘ,ਡੀ ਐਮ ਓ ਬਿਕਰਮਜੀਤ ਸਿੰਘ ,ਡੀ ਡੀ ਐਮ ਓ ਜਸਵਿੰਦਰ ਸਿੰਘ,ਡੀ ਡੀ ਐਮ ਓ ਬਲਬੀਰ ਸਿੰਘ ਬਾਜਵਾ,ਏ ਐਫ ਐਸ ਓ ਹਰਮਿੰਦਰ ਸਿੰਘ, ਇੰਸਪੈਕਟਰ ਬਿਕਰਮਜੀਤ ਸਿੰਘ, ਇੰਸਪੈਕਟਰ ਪਵਨ ਕੁਮਾਰ ਬਬੋਰੀਆ, ਬਿਕਰਮਜੀਤ ਸਿੰਘ, ਰਾਜਬੀਰ ਸਿੰਘ, ਬਲਵਿੰਦਰ ਸਿੰਘ ਨਾਭਾ, ਸੋਨੂੰ ਬਾਬਾ,ਪਰਮਜੀਤ ਸਿੰਘ,ਮੰਗਦੇਵ ਸਿੰਘ, ਅਮਰੀਕ ਸਿੰਘ, ਸਲਵਿੰਦਰ ਸਿੰਘ ਚੀਮਾਂ ਅਤੇ ਕੁਲਵਿੰਦਰ ਸਿੰਘ ਪੱਪ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

View in English