View in English:
May 19, 2024 8:18 am

ਚਾਂਦੀ ਤਗ਼ਮਾ ਜੇਤੂ ਵੇਟਲਿਫਟਰ ਵੱਲੋਂ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਜੁਲਾਈ 19

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਹਾਲ ਹੀ ਵਿੱਚ ਨੋਇਡਾ ਵਿਖੇ ਹੋਈ ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ-2023 ਦੌਰਾਨ ਵੇਟਲਿਫਟਿੰਗ ’ਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਬੇਮਿਸਾਲ ਵੇਟਲਿਫਟਰ ਅਮਰਜੀਤ ਗੁਰੂ ਨਾਲ ਮੁਲਾਕਾਤ ਕੀਤੀ।

ਪਿੰਡ ਗੁਣਾਚੌਰ (ਐਸ.ਬੀ.ਐਸ. ਨਗਰ) ਦੇ ਰਹਿਣ ਵਾਲੇ ਰਾਜ ਕੁਮਾਰ ਦੇ ਪੁੱਤਰ ਅਮਰਜੀਤ ਗੁਰੂ ਨੇ ਪਿਛਲੇ 13 ਸਾਲਾਂ ਤੋਂ ਵੇਟਲਿਫਟਿੰਗ ਦੇ ਖੇਤਰ ਵਿੱਚ ਪੂਰੀ ਲਗਨ ਤੇ ਹੁਨਰ ਸਦਕਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਪਣੀ ਸਖ਼ਤ ਮਿਹਨਤ ਅਤੇ ਕਾਮਯਾਬੀ ਦੇ ਨਵੇਂ ਦਿਸਹੱਦੇ ਛੋਹਣ ਦੀ ਨਿਰੰਤਰ ਕੋਸ਼ਿਸ਼ ਸਦਕਾ ਉਹ ਦੇਸ਼ ਦੇ ਸਿਖ਼ਰਲੇ ਵੇਟਲਿਫਟਰਾਂ ਵਿੱਚ ਇੱਕ ਮਾਣਮੱਤਾ ਸਥਾਨ ਪ੍ਰਾਪਤ ਕਰਨ ਵਿੱਚ ਸਫਲ ਰਿਹਾ ਹੈ।

ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹੋਈ ਮੀਟਿੰਗ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਮਰਜੀਤ ਗੁਰੂ ਦੀ ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਸ਼ਲਾਘਾ ਕੀਤੀ। ਉਨ੍ਹਾਂ ਅਮਰਜੀਤ ਗੁਰੂ ਦੀ ਖੇਡ ਪ੍ਰਤੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਦੇ ਇੱਕ ਮਿਹਨਤੀ ਨੌਜਵਾਨ ਅਥਲੀਟ ਨੂੰ ਰਾਸ਼ਟਰੀ ਪੱਧਰ ’ਤੇ ਚਮਕਦਾ ਦੇਖ ਕੇ ਮਾਣ ਪ੍ਰਗਟ ਕੀਤਾ।

ਗੱਲਬਾਤ ਦੌਰਾਨ ਕੁਲਤਾਰ ਸੰਧਵਾਂ ਨੇ ਅਮਰਜੀਤ ਗੁਰੂ ਨੂੰ ਉਸਦੇ ਭਵਿੱਖੀ ਯਤਨਾਂ ਲਈ ਪੂਰਨ ਸਮਰਥਨ ਅਤੇ ਹੱਲਾਸ਼ੇਰੀ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਮਰਜੀਤ ਗੁਰੂ ਵਰਗੇ ਪ੍ਰਤਿਭਾਸ਼ਾਲੀ ਅਥਲੀਟਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਉੱਭਰਨ ਲਈ ਲੋੜੀਂਦੇ ਸਰੋਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਇਸ ਮੌਕੇ ਨਵਾਂਸ਼ਹਿਰ ਦੇ ਵਿਧਾਇਕ ਨਛੱਤਰ ਪਾਲ ਵੀ ਹਾਜ਼ਰ ਸਨ। ਉਨ੍ਹਾਂ ਅਮਰਜੀਤ ਗੁਰੂ ਨੂੰ ਹਾਰਦਿਕ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖਿਡਾਰੀ ਦੀ ਸ਼ਾਨਦਾਰ ਪ੍ਰਾਪਤੀ ਨੇ ਨਾ ਸਿਰਫ਼ ਉਸ ਦੇ ਪਰਿਵਾਰ ਅਤੇ ਜੱਦੀ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ ਸਗੋਂ ਸੂਬੇ ਭਰ ਦੇ ਨਵੇਂ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਵੀ ਹੈ।

Leave a Reply

Your email address will not be published. Required fields are marked *

View in English