View in English:
May 17, 2024 9:55 am

ਗੁਜਰਾਤ ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਭ੍ਰਿਸ਼ਟ ਨੇਤਾ ਆਪਣੇ ਗੁਨਾਹਾਂ ਦੀ ਕੀਮਤ ਚੁਕਾਉਣਗੇ : ਭਗਵੰਤ ਮਾਨ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਕਤੂਬਰ 30

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਗੁਜਰਾਤ ਵਿੱਚੋਂ ਜ਼ਾਲਮ ਅਤੇ ਭ੍ਰਿਸ਼ਟ ਭਾਜਪਾ ਆਗੂਆਂ, ਜਿਨ੍ਹਾਂ ਨੇ ਆਪਣੀਆਂ ਮਾੜੀਆਂ ਨੀਤੀਆਂ ਕਾਰਨ ਦਹਾਕਿਆਂ ਤੋਂ ਸੂਬੇ ਦੀ ਆਰਥਿਕਤਾ ਨੂੰ ਨਸ਼ਟ ਕੀਤਾ, ਨੂੰ ਸੱਤਾ ਤੋਂ ਲਾਂਭੇ ਕਰਕੇ ਗੁਜਰਾਤ ਦੀ ਰਾਜਨੀਤੀ ਵਿੱਚ ਬਦਲਾਅ ਲਿਆਇਆ ਜਾਵੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਪਾਲੀਟਾਨਾ ਅਤੇ ਧੋਰਾਜੀ ਵਿਖੇ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ ਕੀਤਾ ਕਿ ਭ੍ਰਿਸ਼ਟ ਨੇਤਾਵਾਂ ਨੂੰ ਗੁਜਰਾਤ ਦੇ ਲੋਕਾਂ ਦਾ ਪੈਸਾ ਲੁੱਟਣ ਲਈ ਬਖਸ਼ਿਆ ਨਹੀਂ ਜਾਵੇਗਾ ਅਤੇ ਉਹ ਆਪਣੇ ਗੁਨਾਹਾਂ ਦੀ ਕੀਮਤ ਜ਼ਰੂਰ ਚੁਕਾਉਣਗੇ ਅਤੇ ਦਸੰਬਰ ਵਿੱਚ ਵਿਧਾਨ ਸਭਾ ਚੋਣਾਂ ‘ਚ ‘ਆਪ’ ਦੀ ਸ਼ਾਨਦਾਰ ਬਹੁਮਤ ਨਾਲ ਸਰਕਾਰ ਬਣੇਗੀ।

ਉਨ੍ਹਾਂ ਕਿਹਾ ਕਿ ਅਜ਼ਾਦੀ ਅੱਜ ਤੱਕ ਸਾਡੇ ਘਰਾਂ ਤੱਕ ਨਹੀਂ ਪਹੁੰਚੀ ਅਤੇ ਇਹ ਸਿਰਫ ਉਨ੍ਹਾਂ ਨੇਤਾਵਾਂ ਤੱਕ ਸੀਮਤ ਹੈ ਜਿਨ੍ਹਾਂ ਕੋਲ ਲਾਲ ਬੱਤੀ ਵਾਲੀਆਂ ਗੱਡੀਆਂ ਹਨ ਅਤੇ ਜਿਨ੍ਹਾਂ ਨੇ ਦਹਾਕਿਆਂ ਤੱਕ ਦੇਸ਼ ਨੂੰ ਲੁੱਟਿਆ ਹੈ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਆਜ਼ਾਦੀ ਲਈ ਲੜਾਈ ਲੜ ਰਹੀ ਹੈ। ਆਮ ਆਦਮੀ ਪਾਰਟੀ ਆਜ਼ਾਦੀ ਨੂੰ ਸਹੀ ਮਾਇਨਿਆਂ ‘ਚ ਆਮ ਲੋਕਾਂ ਦੇ ਘਰਾਂ ਤੱਕ ਲੈ ਕੇ ਜਾਵੇਗੀ।

ਪਿਛਲੇ 75 ਸਾਲਾਂ ਵਿੱਚ, ਸਾਰੇ ਪ੍ਰਧਾਨ ਮੰਤਰੀ ਵਧਦੀ ਗਰੀਬੀ, ਬੇਰੁਜ਼ਗਾਰੀ ਦਰ ਅਤੇ ਅੱਤਵਾਦ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਉਹੀ ਭਾਸ਼ਣ ਦੁਹਰਾਉਂਦੇ ਰਹੇ ਹਨ ਪਰ ਉਨ੍ਹਾਂ ਨੇ ਸਥਿਤੀ ਨੂੰ ਸੁਧਾਰਨ ਲਈ ਕੁਝ ਨਹੀਂ ਕੀਤਾ। ਇਨ੍ਹਾਂ ਲੀਡਰਾਂ ਨੂੰ ਹੁਣ ਸਵਾਲ ਪੁੱਛਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਹਰਾ ਕੇ ਸਬਕ ਸਿਖਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਜਾਂ ਭਾਜਪਾ ਨਾਲ ਨਹੀਂ ਹੈ, ਸਗੋਂ ‘ਆਪ’ ਦੀ ਲੜਾਈ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਵਧਦੀ ਮਹਿੰਗਾਈ, ਪੇਪਰ ਲੀਕ ਅਤੇ ਆਮ ਲੋਕਾਂ ਲਈ ਚੰਗੀਆਂ ਸਹੂਲਤਾਂ ਦੀ ਘਾਟ ਨਾਲ ਹੈ।

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੇ ਦੇਸ਼ ਦਾ ਪੈਸਾ ਅੰਗਰੇਜ਼ਾਂ ਨਾਲੋਂ ਕਿਤੇ ਵੱਧ ਬੇਰਹਿਮੀ ਨਾਲ ਲੁੱਟਿਆ ਹੈ। ਪਰ ਹੁਣ ‘ਆਪ’, ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਕ੍ਰਾਂਤੀਕਾਰੀ ਅਗਵਾਈ ਵਿੱਚ, ਵਿਕਾਸ, ਸਕੂਲ ਅਤੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਦੇ ਕੇ ਬਦਲਾਅ ਲਿਆਏਗੀ। ਮੁੱਖ ਮੰਤਰੀ ਨੇ ਲੋਕਾਂ ਨੂੰ ‘ਆਪ’ ਦਾ ਸਮਰਥਨ ਕਰਨ ਲਈ ਕਿਹਾ ਕਿ ਰੁੱਖ ਵੀ ਹਰ ਮੌਸਮ ਵਿੱਚ ਆਪਣੇ ਪੱਤੇ ਝਾੜਦੇ ਹਨ। ਹਾਲਾਂਕਿ ਉਨ੍ਹਾਂ ਨੂੰ ਹੈਰਾਨੀ ਹੈ ਕਿ ਲੋਕਾਂ ਨੇ ਪਿਛਲੇ 27 ਸਾਲਾਂ ਤੋਂ ਭਾਜਪਾ ਨੂੰ ਬਾਹਰ ਨਹੀਂ ਕੱਢਿਆ। ਭਗਵੰਤ ਮਾਨ ਨੇ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਦੇ ਯੁੱਗ ਦੀ ਸ਼ੁਰੂਆਤ ਕਰਨ ਲਈ ‘ਆਪ’ ਦਾ ਸਮਰਥਨ ਕਰਨ ਦਾ ਸੱਦਾ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਸਿਆਸੀ ਤਬਦੀਲੀ ਦੇ ਕੰਢੇ ਖੜ੍ਹਾ ਹੈ ਅਤੇ ਲੋਕ ਰਵਾਇਤੀ ਕਾਂਗਰਸ ਅਤੇ ਭਾਜਪਾ ਪਾਰਟੀਆਂ ਤੋਂ ਅੱਕ ਚੁੱਕੇ ਹਨ। ਪਹਿਲਾਂ ਲੋਕਾਂ ਕੋਲ ਕੋਈ ਬਦਲ ਨਹੀਂ ਸੀ ਪਰ ਹੁਣ ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਇਮਾਨਦਾਰ ਆਮ ਆਦਮੀ ਪਾਰਟੀ ਹੈ। ਭਾਜਪਾ ‘ਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਉਹ ਝੂਠੇ ਵਾਅਦੇ ਕਰਦੇ ਹਨ ਪਰ ‘ਆਪ’ ਜੋ ਵੀ ਵਾਅਦੇ ਕਰਦੀ ਹੈ ਉਹ ਪੂਰੇ ਕਰਦੀ ਹੈ। ਭਾਜਪਾ ਵਾਲਿਆਂ ਨੇ 15 ਲੱਖ ਵਰਗੇ ਜੁਮਲੇ ਅਤੇ ਹੋਰ ਚੋਣ ਵਾਅਦਿਆਂ ਨਾਲ ਲੋਕਾਂ ਨੂੰ ਮੂਰਖ ਬਣਾਇਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਸੱਤਾ ‘ਚ ਆਉਣ ਤੋਂ ਬਾਅਦ 7 ਮਹੀਨਿਆਂ ਦੇ ਅੰਦਰ ਪੰਜਾਬ ‘ਚ ਆਪਣੇ ਸਾਰੇ ਚੋਣ ਵਾਅਦਿਆਂ ਨੂੰ ਪੂਰਾ ਕਰ ਦਿੱਤਾ, ਜੋ ਪਿਛਲੀ ਸਰਕਾਰਾਂ 70 ਸਾਲਾਂ ‘ਚ ਪੂਰਾ ਕਰਨ ‘ਚ ਅਸਫਲ ਰਹੀਆਂ।

ਉਨ੍ਹਾਂ ਕਿਹਾ ਕਿ ‘ਆਪ’ ਆਮ ਲੋਕਾਂ ਦੀ ਪਾਰਟੀ ਹੈ। ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਸਿਰਫ਼ ਆਮ ਪਿਛੋਕੜ ਵਾਲੇ ਪੁੱਤਰ-ਧੀਆਂ ਹੀ ਜਾਣਗੇ। ਇਹ ‘ਆਪ’ ਨੂੰ ਦੂਜੀਆਂ ਪਾਰਟੀਆਂ ਨਾਲੋਂ ਵੱਖਰਾ ਬਣਾਉਂਦਾ ਹੈ ਜਿੱਥੇ ਸਿਰਫ਼ ਸਿਆਸਤਦਾਨਾਂ ਦੇ ਬੱਚੇ ਹੀ ਵਿਧਾਇਕ ਬਣਦੇ ਹਨ। ਪੰਜਾਬ ਦੀ ਤਰ੍ਹਾਂ, ਜਿੱਥੇ 92 ਵਿਧਾਇਕਾਂ ਵਿੱਚੋਂ 82 ਵਿਧਾਇਕ ਪਹਿਲੀ ਵਾਰ ਬਣੇ ਹਨ ਅਤੇ ਉਹ ਸਾਰੇ ਆਮ ਪਿਛੋਕੜ ਵਾਲੇ ਹਨ। ‘ਆਪ’ ਗੁਜਰਾਤ ਵਿੱਚ ਵੀ ਆਮ ਲੋਕਾਂ ਨੂੰ ਮੌਕਾ ਦੇਵੇਗੀ ਅਤੇ ਗੁਜਰਾਤ ਦੇ ਲੋਕ ਵੀ ਇਨ੍ਹਾਂ ਚੋਣਾਂ ਵਿੱਚ ਪੰਜਾਬ ਦਾ ਇਤਿਹਾਸ ਦੁਹਰਾਉਣਗੇ।

Leave a Reply

Your email address will not be published. Required fields are marked *

View in English