View in English:
May 18, 2024 6:14 pm

ਖੁਰਾਕ ਤੇ ਸਿਵਲ ਸਪਲਾਈਜ਼ ਦੇ ਪ੍ਰਮੁੱਖ ਸਕੱਤਰ ਵੱਲੋਂ ਪਟਿਆਲਾ, ਸੰਗਰੂਰ ਤੇ ਮਲੇਰਕੋਟਲਾ ਵਿਚ ਝੋਨੇ ਦੇ ਖਰੀਦ ਕਾਰਜਾਂ ਦਾ ਜਾਇਜ਼ਾ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਨਵੰਬਰ 1

ਸੂਬੇ ਦੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬਾ ਸਰਕਾਰ ਚਾਲੂ ਸੀਜ਼ਨ ਦੌਰਾਨ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਪ੍ਰਮੁੱਖ ਸਕੱਤਰ ਨੇ ਅੱਜ ਮਲੇਰਕੋਟਲਾ, ਧੂਰੀ ਤੇ ਰਾਜਪੁਰਾ ਦੀਆਂ ਦਾਣਾ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੁਚਾਰੂ ਢੰਗ ਨਾਲ ਝੋਨੇ ਦਾ ਇਕ-ਇਕ ਦਾਣਾ ਖਰੀਦੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਦਾਣਾ ਮੰਡੀਆਂ ਤੋਂ ਫਸਲ ਨੂੰ ਬਿਨਾਂ ਕਿਸੇ ਦਿੱਕਤ ਤੋਂ ਚੁੱਕਣ ਲਈ ਪੁਖਤਾ ਇੰਤਜ਼ਾਮ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਫਸਲ ਵੇਚਣ ਲਈ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

ਪ੍ਰਮੁੱਖ ਸਕੱਤਰ ਨੇ ਕਿਹਾ ਕਿ ਝੋਨੇ ਦੀ ਖਰੀਦ ਤੇ ਲਿਫਟਿੰਗ ਦੀ ਸਮੁੱਚੀ ਪ੍ਰਕਿਰਿਆ ਨੂੰ ਇਕ ਹਫ਼ਤੇ ਵਿਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 31 ਅਕਤੂਬਰ ਤੱਕ 118.83 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 116.12 ਲੱਖ ਮੀਟਰਕ ਟਨ ਫਸਲ ਖਰੀਦੀ ਜਾ ਚੁੱਕੀ ਹੈ ਅਤੇ ਇਸ ਵਿੱਚੋਂ 93.54 ਲੱਖ ਮੀਟਰਕ ਟਨ ਫਸਲ ਨੂੰ ਮੰਡੀਆਂ ਵਿੱਚੋਂ ਚੁੱਕਿਆ ਵੀ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਫਸਲ ਵੇਚ ਚੁੱਕੇ ਕਿਸਾਨਾਂ ਦੇ ਖਾਤਿਆਂ ਵਿਚ 20,085 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।

ਪ੍ਰਮੁੱਖ ਸਕੱਤਰ ਨੇ ਕਿਹਾ ਕਿ ਖਰੀਦ ਕਾਰਜਾਂ ਤੋਂ ਇਲਾਵਾ ਫਸਲ ਦੀ ਢੋਆ-ਢੋਆਈ ਅਤੇ ਭੰਡਾਰਨ ਲਈ ਢੁਕਵੇਂ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਖਰੀਦ ਸੀਜ਼ਨ ਦੌਰਾਨ 1806 ਅਨਾਜ ਮੰਡੀਆਂ ਨੋਟੀਫਾਈ ਕਰਨ ਦੇ ਨਾਲ-ਨਾਲ 579 ਕੱਚੇ ਫੜ੍ਹ ਵੀ ਨੋਟੀਫਾਈ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਖ਼ਰੀਦ ਏਜੰਸੀਆਂ ਦੇ ਮੁਖੀਆਂ ਨੂੰ ਉਨ੍ਹਾਂ ਦੀਆਂ ਏਜੰਸੀਆਂ ਨੂੰ ਅਲਾਟ ਹੋਏ ਖ਼ਰੀਦ ਕੋਟੇ ਮੁਤਾਬਕ ਝੋਨੇ ਦੀ ਤੁਰੰਤ ਚੁਕਾਈ ਯਕੀਨੀ ਬਣਾਉਣ ਲਈ ਸਮੁੱਚੀ ਖ਼ਰੀਦ ਪ੍ਰਕਿਰਿਆ ਦੀ ਨਿਗਰਾਨੀ ਨਿੱਜੀ ਤੌਰ ਉਤੇ ਕਰਨ ਲਈ ਕਿਹਾ ਗਿਆ ਹੈ।

ਝੋਨੇ ਦਾ ਇਕ-ਇਕ ਦਾਣਾ ਖਰੀਦਣ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਮੌਜੂਦਾ ਖ਼ਰੀਦ ਸੀਜ਼ਨ ਦੌਰਾਨ ਸੂਬੇ ਭਰ ਵਿੱਚੋਂ ਕਿਸਾਨਾਂ ਦੀ ਇਕ ਵੀ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕਿਹਾ ਕਿ ਜਿਣਸ ਦੀ ਬਰਬਾਦੀ ਰੋਕਣ ਲਈ ਮੰਡੀਆਂ ਵਿੱਚ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਪਹਿਲਾਂ ਹੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਮੰਡੀਆਂ ਵਿੱਚ ਆਪਣੀ ਉਪਜ ਵੇਚਣ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਦੌਰਾਨ ਪ੍ਰਮੁੱਖ ਸਕੱਤਰ ਨੇ ਮਾਲੇਰਕੋਟਲਾ ਵਿੱਚ ਸੇਵਾ ਕੇਂਦਰ ਤੇ ਆਮ ਆਦਮੀ ਕਲੀਨਿਕ ਦਾ ਵੀ ਜਾਇਜ਼ਾ ਲਿਆ। ਸੇਵਾ ਕੇਂਦਰਾਂ ਤੇ ਆਮ ਆਦਮੀ ਕਲੀਨਿਕਾਂ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਥਾਵਾਂ ਤੋਂ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਇਸ ਲੋਕ ਭਲਾਈ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪ੍ਰਮੁੱਖ ਸਕੱਤਰ ਨੇ ਸੇਵਾ ਕੇਂਦਰ ਤੇ ਆਮ ਆਦਮੀ ਕਲੀਨਿਕ ਵਿੱਚ ਹਾਜ਼ਰ ਲੋਕਾਂ ਨਾਲ ਵਿਸਤਾਰ ਵਿੱਚ ਗੱਲਬਾਤ ਵੀ ਕੀਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਵੱਲੋਂ ਵਿਆਪਕ ਹੁੰਗਾਰਾ ਮਿਲਿਆ ਹੈ ਅਤੇ ਇਸ ਕਲੀਨਿਕ ਵਿੱਚ ਰੋਜ਼ਾਨਾ 125 ਤੋਂ ਵੱਧ ਮਰੀਜ਼ ਇਲਾਜ ਲਈ ਪੁੱਜ ਰਹੇ ਹਨ। ਲੋਕਾਂ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਮਾਲੇਰਕੋਟਲਾ ਵਿੱਚ ਅਜਿਹੇ ਚਾਰ ਹੋਰ ਕਲੀਨਿਕ ਖੋਲ੍ਹੇ ਜਾਣ। ਉਨ੍ਹਾਂ ਨੇ ਕਲੀਨਿਕ ਤੇ ਸੇਵਾ ਕੇਂਦਰ ਦੀ ਕਾਰਗੁਜ਼ਾਰੀ ਉਤੇ ਤਸੱਲੀ ਜ਼ਾਹਰ ਕੀਤੀ ਅਤੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਜਨਤਾ ਦੀ ਭਲਾਈ ਲਈ ਹਰੇਕ ਸੰਭਵ ਕਦਮ ਚੁੱਕਿਆ ਜਾਵੇਗਾ।

Leave a Reply

Your email address will not be published. Required fields are marked *

View in English