View in English:
May 31, 2024 12:23 am

ਅਕਾਲੀ ਦਲ ਨੇ SGPC ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢਿਆ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ , ਮਈ 8

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਕਾਰਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਹੈ। ਇਸ ਬਾਰੇ ਫੈਸਲਾ ਪਾਰਟੀ ਦੇ ਸਕੱਤਰ ਜਨਰਲ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਵੱਲੋਂ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਭਾਜਪਾ ਉਮੀਦਵਾਰ ਸੰਜੇ ਟੰਡਨ ਦੀ ਹਮਾਇਤ ਕਰ ਕੇ ਜਾਣਬੁੱਝ ਕੇ ਪਾਰਟੀ ਨੂੰ ਸਾਬੋਤਾਜ਼ ਕਰਨ ਦੀਆਂ ਕੀਤੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ।

ਸਕੱਤਰ ਜਨਰਲ ਨੇ ਕਿਹਾ ਕਿ ਉਹਨਾਂ ਨੂੰ ਬੀਬੀ ਹਰਜਿੰਦਰ ਕੌਰ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਵੀਡੀਓ ਸਬੂਤ ਮਿਲਿਆ ਸੀ ਅਤੇ ਉਹ ਇਹ ਕਦਮ ਚੁੱਕਣ ਵਾਸਤੇ ਮਜਬੂਰ ਹੋਏ ਹਨ ਤਾਂ ਜੋ ਸਪਸ਼ਟ ਸੰਦੇਸ਼ ਦਿੱਤਾ ਜਾ ਸਕੇ ਕਿ ਅਕਾਲੀ ਦਲ ਸ਼੍ਰੋਮਣੀ ਕਮੇਟੀ ਮੈਂਬਰ ਦੇ ਅਨੈਤਿਕ ਵਿਹਾਰ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ। ਭੂੰਦੜ ਨੇ ਕਿਹਾ ਕਿ ਇਹ ਪਹਿਲੀਵਾਰ ਨਹੀਂ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਪਾਰਟੀ ਦੇ ਸਿਧਾਂਤਾਂ ਦੇ ਉਲਟ ਗਏ ਹਨ। ਇਸ ਤੋਂ ਪਹਿਲਾਂ ਵੀ ਸ਼ਿਕਾਇਤਾਂ ਮਿਲੀਆਂ ਸਨ ਕਿ ਬੀਬੀ ਹਰਜਿੰਦਰ ਕੌਰ ਨੇ ਭਾਜਪਾ ਨਾਲ ਸਮਝੌਤਾ ਕਰ ਲਿਆ ਹੈ ਅਤੇ ਉਹਨਾਂ ਨੂੰ ਕੇਸਰੀਆ ਪਾਰਟੀ ਦੀ ਹਮਾਇਤ ਬਦਲੇ ਅਹਿਮ ਅਹੁਦੇ ਮਿਲਣੇ ਹਨ। ਉਹਨਾਂ ਕਿਹਾ ਕਿ ਅਸੀਂ ਉਹਨਾਂ ਨੂੰ ਲੰਬਾ ਸਮਾਂ ਦਿੱਤਾ ਤਾਂ ਜੋ ਉਹ ਆਪਣੀਆਂ ਗਲਤੀਆਂ ਮਹਿਸੂਸ ਕਰਨ ਅਤੇ ਦਿਲੋਂ ਪੰਥਕ ਸਫਾਂ ਵਿਚ ਵਾਪਸ ਆ ਜਾਣ ਪਰ ਇਸ ਵਾਰ ਸ਼੍ਰੋਮਣੀ ਕਮੇਟੀ ਮੈਂਬਰ ਸਭ ਹੱਦ ਬੰਨੇ ਟੱਪ ਗਏ ਤੇ ਉਹਨਾਂ ਨੇ ਚੰਡੀਗੜ੍ਹ ਵਿਚ ਭਾਜਪਾ ਉਮੀਦਵਾਰ ਦੀ ਹਮਾਇਤ ਕਰ ਦਿੱਤੀ ਹੈ। ਅਜਿਹਾ ਕਰਦਿਆਂ ਉਨ੍ਹਾਂ ਨਾ ਸਿਰਫ ਪਾਰਟੀ ਲੀਹਾਂ ਨੂੰ ਤੋੜਿਆ ਹੈ ਬਲਕਿ ਪੰਜਾਬੀਆਂ ਅਤੇ ਖਾਸ ਤੌਰ ’ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਅਪਮਾਨ ਕੀਤਾ ਹੈ ਕਿਉਂਕਿ ਕੇਂਦਰ ਦੇ ਕਿਸਾਨ ਵਿਰੋਧੀ ਕਦਮਾਂ ਦੇ ਨਾਲ-ਨਾਲ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਤੋਂ ਇਨਕਾਰ ਕਰਨ ਕਾਰਨ ਸਿੱਖ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘ 26 ਤੋਂ 28 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ ਪਰ ਫਿਰ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਹ ਬੀਬੀ ਹਰਜਿੰਦਰ ਕੌਰ ਵਰਗੀ ਸੀਨੀਅਰ ਆਗੂ ਨੂੰ ਸ਼ੋਭਾ ਨਹੀਂ ਦਿੰਦਾ ਕਿ ਉਹ ਪਾਰਟੀ ਦੇ ਮੂਲ ਫਲਸਫੇ ਦੇ ਖਿਲਾਫ ਜਾਣ।

ਉਨ੍ਹਾਂ ਨੇ ਸਪਸ਼ਟ ਕੀਤਾ ਕਿ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ ‘ਚੋਂ ਕੱਢਣ ਦਾ ਫੈਸਲਾ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਲਿਆ ਗਿਆ ਹੈ।

Leave a Reply

Your email address will not be published. Required fields are marked *

View in English