ਪੰਜਾਬ ਸਰਕਾਰ ਵੱਲੋਂ ਬੱਚਿਆਂ ਵਿੱਚ ਨਮੂਨੀਆ ਦੀ ਰੋਕਥਾਮ ਅਤੇ ਇਲਾਜ ਲਈ ‘ਸਾਂਸ’ ਮੁਹਿੰਮ ਸ਼ੁਰੂ

ਫ਼ੈਕ੍ਟ ਸੇਵਾ ਸਰਵਿਸ
ਬਟਾਲਾ, 27 ਮਈ
ਪੰਜਾਬ ਸਰਕਾਰ ਵੱਲੋਂ ਬੱਚਿਆਂ ਵਿਚ ਨਮੂਨੀਆ ਦੇ ਸਮੇਂ ਸਿਰ ਜਾਂਚ ਅਤੇ ਇਲਾਜ ਲਈ ‘ਸਾਂਸ‘ ਮੁਹਿੰਮ ਦੀ ਸੁਰੂਆਤ ਕੀਤੀ ਗਈ ਹੈ। ਘੱਟ, ਦਰਮਿਆਨੇ ਅਤੇ ਗੰਭੀਰ ਨਮੂਨੀਆ ਕਾਰਨ ਕੋਵਿਡ ਪੀੜਤ ਬੱਚੇ ਦੀ ਸਹਿ-ਰੋਗ ਵਾਲੀ ਸਥਿਤੀ ਬਣ ਸਕਦੀ ਹੈ ਜਿਸ ਨਾਲ ਉਹ ਦਮ ਤੋੜ ਸਕਦਾ ਹੈ। ਦੇਸ ਵਿੱਚ ਬੱਚਿਆਂ ਦੀ ਮੌਤ ਦਰ ਦਾ ਸਭ ਤੋਂ ਵੱਡਾ ਕਾਰਨ ਨਮੂਨੀਆ ਹੈ ਅਤੇ ਬੱਚਿਆਂ ਦੀਆਂ ਲਗਭਗ 15 ਫ਼ੀਸਦੀ ਮੌਤਾਂ ਨਮੂਨੀਆ ਕਾਰਨ ਹੀ ਹੁੰਦੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਨਮੂਨੀਆ ਕਾਰਨ ਹੋ ਰਹੀਆਂ ਮੌਤਾਂ ਰੋਕੀਆਂ ਜਾ ਸਕਦੀਆਂ ਹਨ |ਜੇ ਅਸੀਂ ਸਮੇਂ ਸਿਰ ਨਮੂਨੀਆ ਦੀ “ਜਾਂਚ“ ਅਤੇ “ਇਲਾਜ“ ਕਰਵਾਇਆ ਜਾਵੇ| ਹਾਲਾਂਕਿ ਪੰਜਾਬ ਵਿਚ ਬੱਚਿਆ ਦੀਆਂ ਮੌਤਾਂ ਦਾ ਦਰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਘੱਟ ਹੈ, ਪਰ ਪੰਜਾਬ ਸਰਕਾਰ ਨਮੂਨੀਆਂ ਨਾਲ ਹੋਣ ਵਾਲੇ ਬੱਚਿਆਂ ਦੀ ਮੌਤ ਨੂੰ ਕਾਬੂ ਕਰਨ ਅਤੇ ਇਸ ਤੋਂ ਵੀ ਵਧੀਆ ਸਿਹਤ ਨਤੀਜਿਆਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਮੂਨੀਆ ਤੋਂ ਬਚਾਉਣ ਲਈ ਮਾਂ ਦਾ ਦੁੱਧ, ਪੂਰਕ ਖੁਰਾਕ, ਵਿਟਾਮਿਨ ਏ ਸਪਲੀਮੈਂਟ, ਟੀਕੇ ਦੀ ਕਵਰੇਜ, ਹੱਥ ਧੋਣਾ ਅਤੇ ਘਰਾਂ ਵਿੱਚ ਹਵਾ ਪ੍ਰਦੂਸ਼ਣ ਘਟਾਉਣਾ ਰੋਕਥਾਮ ਅਤੇ ਸਮੇਂ ਸਿਰ ਇਲਾਜ ਦੀ ਜਰੂਰਤ ਹੁੰਦੀ ਹੈ। ਚੇਅਰਮੈਨ  ਚੀਮਾ ਨੇ ਕਿਹਾ ਕਿ ਨਮੂਨੀਆ ਦਾ ਪਤਾ ਲਗਾਉਣ ਅਤੇ ਇਲਾਜ ਕਰਨ ਲਈ ਸਿਹਤ ਵਿਭਾਗ ਨੇ ਇੱਕ ਮਲਟੀ-ਸਟੇਟ ਪਾਇਲਟ ਅਧਿਐਨ, ਯੂਐਸਏਆਈਡੀ-ਵਿ੍ਰਧੀ ਪ੍ਰੋਜੈਕਟ ਵਿੱਚ ਹਿੱਸਾ ਲਿਆ। ਇਸ ਪਾਇਲਟ ਅਧਿਐਨ ਵਿੱਚ, ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿਖੇ ਕਮਿਊਨਿਟੀ ਸਿਹਤ ਅਫਸਰ (ਸੀਐਚਓ) ਨੂੰ ਮਲਟੀ-ਮਾਡਲ ਪਲਸ ਆਕਸੀਮੀਟਰ ਪ੍ਰਦਾਨ ਕਰਕੇ ਸਿਖਲਾਈ ਦਿੱਤੀ ਗਈ ਸੀ। ਪੰਜਾਬ ਵਿਚ ਇਹ ਅਭਿਆਨ ਅਪ੍ਰੈਲ 2019 ਨੂੰ ਜਲਿਾ ਫਿਰੋਜਪੁਰ ਵਿਖੇ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕੁੱਲ 502 ਬੱਚਿਆਂ (ਬੁਖਾਰ ਅਤੇ ਖੰਘ ਵਾਲੇ) ਨੂੰ ਮਲਟੀ-ਮਾਡਲ ਪਲਸ ਆਕਸੀਮੀਟਰ ਦੀ ਸਹਾਇਤਾ ਨਾਲ ਜਾਂਚਿਆ ਗਿਆ ਅਤੇ ਇਨਾਂ ਵਿਚੋਂ 27 ਫ਼ੀਸਦੀ ਬੱਚਿਆਂ ਨੂੰ ਨਮੂਨੀਆ ਲਈ ਪਾਜ਼ੇਟਿਵ ਪਾਇਆ ਗਿਆ, ਜਿਨਾਂ ਵਿਚੋਂ 6 ਗੰਭੀਰ ਨਮੂਨੀਆ ਦੇ ਮਰੀਜ਼ ਸਨ। ਆਈਐਮਐਨਸੀਆਈ ਟ੍ਰੇਨਿੰਗ ਅਤੇ ਮਲਟੀਮਾਡਲ ਡਿਵਾਈਸ ਦੀ ਮਦਦ ਨਾਲ 96 ਫ਼ੀਸਦੀ ਸਕ੍ਰੀਨ ਕੀਤੇ ਬੱਚਿਆਂ ਦੀ ਸਹੀ ਜਾਂਚ ਕੀਤੀ ਗਈ ਅਤੇ 95 ਫ਼ੀਸਦੀ ਨੇ ਸਹੀ ਇਲਾਜ ਵੀ ਪ੍ਰਾਪਤ ਕੀਤਾ। ਨਾਲ ਹੀ ਉਹਨਾਂ ਕਿਹਾ ਕਿ ‘ਸਾਂਸ‘ ਪ੍ਰੋਗਰਾਮ ਦੀ ਸ਼ੁਰੂਆਤ ਨਾਲ ਸੂਬੇ ਨੂੰ ਨਮੂਨੀਆ ਜਾਂਚ, ਖੋਜ ਅਤੇ ਇਲਾਜ ਮੁਹੱਈਆ ਕਰਵਾਉਣ ਲਈ ਮਦਦਗਾਰ ਸਾਬਤ ਹੋਵੇਗਾ। ਇਹ ਪ੍ਰੋਗਰਾਮ ਪੰਜਾਬ ਨੂੰ ਨਮੂਨੀਆ ਕਾਰਨ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ।

More from this section