ਫੈਕਟ ਸਮਾਚਾਰ ਸੇਵਾ
ਸ਼ਿਮਲਾ, ਫਰਵਰੀ 6
ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਬਦਲ ਗਿਆ ਹੈ। ਲਾਹੌਲ-ਸਪੀਤੀ, ਕੁੱਲੂ, ਚੰਬਾ, ਕਿਨੌਰ, ਸ਼ਿਮਲਾ ਜ਼ਿਲ੍ਹਿਆਂ ਸਮੇਤ ਰਾਜ ਦੀਆਂ ਉੱਚੀਆਂ ਚੋਟੀਆਂ ‘ਤੇ ਬਰਫ਼ਬਾਰੀ ਹੋਈ ਹੈ। ਇਸ ਕਾਰਨ ਸੂਬੇ ਵਿੱਚ ਠੰਢ ਦਾ ਕਹਿਰ ਮੁੜ ਵਧ ਗਿਆ ਹੈ। ਮਨਾਲੀ ‘ਚ ਵੀ ਬਰਫਬਾਰੀ ਹੋ ਰਹੀ ਹੈ। ਉੱਥੇ ਹੀ ਰਾਜਧਾਨੀ ਸ਼ਿਮਲਾ ਵਿੱਚ ਬਾਰਿਸ਼ ਹੋਈ ਹੈ। ਤਾਜ਼ਾ ਬਰਫ਼ਬਾਰੀ ਨੇ ਉੱਚੇ ਇਲਾਕਿਆਂ ਵਿੱਚ ਮੁਸੀਬਤਾਂ ਵਧਾ ਦਿੱਤੀਆਂ ਹਨ। ਬਰਫਬਾਰੀ ਕਾਰਨ 148 ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ ਵਿੱਚ 200 ਬਿਜਲੀ ਟਰਾਂਸਫਾਰਮਰ ਵੀ ਖਰਾਬ ਹਨ। ਲਾਹੌਲ-ਸਪੀਤੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 130 ਸੜਕਾਂ ਬੰਦ ਹਨ। ਚੰਬਾ ਦੀਆਂ ਨੌਂ ਸੜਕਾਂ ‘ਤੇ ਆਵਾਜਾਈ ਠੱਪ ਹੋ ਗਈ ਹੈ। ਇਸੇ ਤਰ੍ਹਾਂ ਚੰਬਾ ਜ਼ਿਲ੍ਹੇ ਵਿੱਚ 137 ਬਿਜਲੀ ਟਰਾਂਸਫਾਰਮਰ ਠੱਪ ਪਏ ਹਨ। ਕੁੱਲੂ ‘ਚ 53 ਅਤੇ ਸ਼ਿਮਲਾ ‘ਚ 9 ਟਰਾਂਸਫਾਰਮਰ ਖਰਾਬ ਹਨ।
ਬਰਫ਼ਬਾਰੀ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ। ਚੰਬਾ ਜ਼ਿਲੇ ਦੇ ਭਰਮੌਰ ਅਤੇ ਪੰਗੀ ਆਦਿਵਾਸੀ ਖੇਤਰਾਂ ‘ਚ ਤਾਜ਼ਾ ਬਰਫਬਾਰੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਪਾਂਗੀ ‘ਚ ਦੇਰ ਰਾਤ ਤੋਂ ਬਰਫਬਾਰੀ ਜਾਰੀ ਹੈ। ਇੱਥੇ ਅੱਠ ਇੰਚ ਤੋਂ ਵੱਧ ਬਰਫ਼ ਪੈ ਚੁੱਕੀ ਹੈ। ਭਰਮੌਰ ‘ਚ ਵੀ ਕਾਫੀ ਬਰਫਬਾਰੀ ਹੋਈ ਹੈ। ਜ਼ਿਲ੍ਹੇ ਦੇ ਹੇਠਲੇ ਇਲਾਕਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਹੈ।