ਫੈਕਟ ਸਮਾਚਾਰ ਸੇਵਾ
ਮਨਾਲੀ, ਦਸੰਬਰ 25
ਕ੍ਰਿਸਮਸ ਮੌਕੇ ‘ਤੇ ਹਿਮਾਚਲ ਦੇ ਪਹਾੜ ਬਰਫ਼ ਦੀ ਸਫ਼ੈਦ ਚਾਦਰ ਨਾਲ ਢਕ ਗਏ ਹਨ। ਮੰਗਲਵਾਰ ਨੂੰ ਵੀ ਕੁਫਰੀ, ਨਾਰਕੰਡਾ, ਡਲਹੌਜ਼ੀ ਅਤੇ ਸੋਲੰਗਾਨਾਲਾ ਸਮੇਤ ਕਈ ਇਲਾਕਿਆਂ ‘ਚ ਬਰਫਬਾਰੀ ਹੋਈ। ਸ਼ਿਮਲਾ, ਕੁੱਲੂ, ਮੰਡੀ, ਚੰਬਾ, ਕਿਨੌਰ ਅਤੇ ਲਾਹੌਲ-ਸਪੀਤੀ ਦੇ ਪਹਾੜੀ ਇਲਾਕਿਆਂ ‘ਚ ਬਰਫਬਾਰੀ ਹੋ ਰਹੀ ਹੈ। ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਕਈ ਇਲਾਕਿਆਂ ‘ਚ ਮੀਂਹ ਪਿਆ ਹੈ। ਮੀਂਹ ਅਤੇ ਬਰਫ਼ਬਾਰੀ ਕਾਰਨ ਸੂਬੇ ਵਿੱਚ ਤਿੰਨ ਹਾਈਵੇਅ ਸਮੇਤ 223 ਸੜਕਾਂ ਬੰਦ ਹੋ ਗਈਆਂ ਹਨ।
ਵਾਈਟ ਕ੍ਰਿਸਮਸ ਲਈ ਸ਼ਿਮਲਾ ਅਤੇ ਮਨਾਲੀ ਪਹੁੰਚੇ ਸੈਲਾਨੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਲਾਹੌਲ ਦੇ ਸੀਸੂ ਅਤੇ ਕੋਕਸਰ ਤੋਂ ਲੈ ਕੇ ਅਟਲ ਸੁਰੰਗ ਰੋਹਤਾਂਗ ਤੱਕ ਬਰਫ ਵਿੱਚ ਫਸੇ 8,500 ਸੈਲਾਨੀਆਂ ਅਤੇ ਕੁਫਰੀ ਵਿੱਚ ਫਸੇ 1,500 ਸੈਲਾਨੀਆਂ ਨੂੰ ਕਈ ਘੰਟਿਆਂ ਬਾਅਦ ਬਚਾ ਲਿਆ ਗਿਆ। ਕਰੀਬ 10 ਹਜ਼ਾਰ ਸੈਲਾਨੀਆਂ ਨੂੰ ਬਚਾਉਣ ਲਈ ਰਾਤ ਭਰ ਬਚਾਅ ਕਾਰਜ ਜਾਰੀ ਰਿਹਾ। ਦੂਜੇ ਪਾਸੇ ਸੂਬੇ ਵਿੱਚ ਬਰਫਬਾਰੀ ਕਾਰਨ 356 ਟਰਾਂਸਫਾਰਮਰ ਠੱਪ ਹੋਣ ਕਾਰਨ ਕਈ ਇਲਾਕਿਆਂ ਵਿੱਚ ਬਲੈਕਆਊਟ ਹੋ ਗਿਆ ਹੈ। 19 ਜਲ ਸਕੀਮਾਂ ਪ੍ਰਭਾਵਿਤ ਹੋਈਆਂ ਹਨ।
ਮੀਂਹ ਅਤੇ ਬਰਫਬਾਰੀ ਦੌਰਾਨ ਸੈਲਾਨੀਆਂ ਦੇ ਫਸੇ ਹੋਣ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਿਮਲਾ ਦੇ ਢਲੀ ਤੋਂ ਕੁਫਰੀ ਤੱਕ ਅਤੇ ਮਨਾਲੀ ਦੇ ਸੋਲੰਗਨਾਲਾ ਤੋਂ ਲਾਹੌਲ ਤੱਕ ਸੈਲਾਨੀਆਂ ਦੇ ਨਿੱਜੀ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਹੈ। ਸੈਲਾਨੀਆਂ ਨੂੰ ਸਿਰਫ ਚਾਰ ਬਾਈ ਚਾਰ ਗੱਡੀਆਂ ਵਿੱਚ ਹੀ ਅੱਗੇ ਭੇਜਿਆ ਜਾ ਰਿਹਾ ਹੈ। ਸ਼ਿਮਲਾ ‘ਚ ਬਰਫਬਾਰੀ ਦੇ ਮੱਦੇਨਜ਼ਰ ਪਹਿਲੀ ਵਾਰ ਅਜਿਹਾ ਪ੍ਰਬੰਧ ਕੀਤਾ ਗਿਆ ਹੈ। ਮੰਗਲਵਾਰ ਨੂੰ ਕੁਫਰੀ, ਨਰਕੰਡਾ ਅਤੇ ਸ਼ਿਮਲਾ ਦੇ ਉਪਰਲੇ ਇਲਾਕਿਆਂ ਤੋਂ ਇਲਾਵਾ ਚੰਬਾ ਦੇ ਡਲਹੌਜ਼ੀ ਅਤੇ ਭਰਮੌਰ, ਸੋਲੰਗਨਾਲਾ ਅਤੇ ਮਨਾਲੀ ਦੇ ਆਸਪਾਸ ਦੇ ਇਲਾਕਿਆਂ ‘ਚ ਬਰਫਬਾਰੀ ਹੋਈ।