ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਸਤੰਬਰ 20
ਤਿਰੂਪਤੀ ਬਾਲਾਜੀ ਮੰਦਰ ‘ਚ ਪ੍ਰਸਾਦ ਨੂੰ ਲੈ ਕੇ ਚੱਲ ਰਿਹਾ ਵਿਵਾਦ ਆਂਧਰਾ ਪ੍ਰਦੇਸ਼ ਹਾਈਕੋਰਟ ‘ਚ ਪਹੁੰਚ ਗਿਆ ਹੈ। ਇਸ ਦੌਰਾਨ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਤਿਰੂਪਤੀ ਲੱਡੂਆਂ ਵਿੱਚ ਪਸ਼ੂਆਂ ਦੀ ਚਰਬੀ ਵਾਲੇ ਦੋਸ਼ਾਂ ਦੀ ਵਿਸਤ੍ਰਿਤ ਜਾਂਚ ਦੀ ਮੰਗ ਕੀਤੀ ਹੈ।
ਦਰਅਸਲ ਵਾਈਐਸਆਰਸੀਪੀ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਹਾਈ ਕੋਰਟ ਦੀ ਬੈਂਚ ਦੇ ਸਾਹਮਣੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵਲੋਂ ਤਿਰੁਮਾਲਾ ਲੱਡੂ ਪ੍ਰਸਾਦ ਨੂੰ ਲੈ ਕੇ ਲਗਾਏ ਗਏ ਦੋਸ਼ਾਂ ਦਾ ਜ਼ਿਕਰ ਕੀਤਾ। ਵਕੀਲ ਨੇ ਅਪੀਲ ਕੀਤੀ ਕਿ ਜਾਂ ਤਾਂ ਮੌਜੂਦਾ ਜੱਜ ਜਾਂ ਹਾਈ ਕੋਰਟ ਵੱਲੋਂ ਨਿਯੁਕਤ ਕਮੇਟੀ ਮੁੱਖ ਮੰਤਰੀ ਵੱਲੋਂ ਕੀਤੇ ਦਾਅਵਿਆਂ ਦੀ ਜਾਂਚ ਕਰੇ। ਇਲਜ਼ਾਮ ਲਾਇਆ ਗਿਆ ਸੀ ਕਿ ਪ੍ਰਸ਼ਾਦ ਵਿੱਚ ਪਸ਼ੂਆਂ ਦੀ ਚਰਬੀ ਮਿਲਾਈ ਜਾਂਦੀ ਹੈ। ਬੈਂਚ ਨੇ ਸੁਝਾਅ ਦਿੱਤਾ ਕਿ ਬੁੱਧਵਾਰ 25 ਸਤੰਬਰ ਤੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਜਾਵੇ। ਦਲੀਲਾਂ ਵੀ ਉਸੇ ਦਿਨ ਸੁਣੀਆਂ ਜਾਣਗੀਆਂ।
ਦੋਸ਼ ਲੱਗੇ ਹਨ ਕਿ ਆਂਧਰਾ ਪ੍ਰਦੇਸ਼ ਵਿੱਚ ਪਿਛਲੀ ਵਾਈਐਸਆਰਸੀਪੀ ਸਰਕਾਰ ਦੌਰਾਨ ਮਸ਼ਹੂਰ ਤਿਰੂਪਤੀ ਬਾਲਾਜੀ ਮੰਦਰ ਦਾ ਪ੍ਰਸ਼ਾਦ ਬਣਾਉਣ ਵਿੱਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਜਾਂਦੀ ਸੀ। ਸੂਬੇ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਖੁਦ ਇਹ ਦੋਸ਼ ਲਾਏ ਹਨ। ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਇਹ ਮਾਮਲਾ ਗਰਮਾ ਗਿਆ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਉੱਠ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀ ਇਸ ਬਾਰੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ।