View in English:
October 21, 2024 12:48 am

ਹਰਿਆਣਾ ਸਰਕਾਰ ਸਖ਼ਤ : ਪਰਾਲੀ ਸਾੜਨ ਵਾਲੇ 336 ਕਿਸਾਨਾਂ ਦੀ ਰੈਡ ਐਂਟਰੀ

42 ਚਲਾਨ , 2 ਸੀਜ਼ਨ ਮੰਡੀਆਂ ‘ਚ ਨਹੀਂ ਵੇਚ ਸਕਣਗੇ ਫਸਲ

ਫੈਕਟ ਸਮਾਚਾਰ ਸੇਵਾ

ਕਰਨਾਲ, ਅਕਤੂਬਰ 20

ਸੂਬੇ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ ਹੁੰਦੇ ਹੀ ਅਧਿਕਾਰੀਆਂ ਨੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿਛਲੇ 24 ਘੰਟਿਆਂ ਵਿੱਚ ਪਰਾਲੀ ਸਾੜਨ ਦੇ ਦੋਸ਼ ਵਿੱਚ 12 ਕਿਸਾਨਾਂ ਖ਼ਿਲਾਫ਼ ਐਫਆਈਆਰ ਸਮੇਤ 42 ਚਲਾਨ ਕੀਤੇ ਗਏ ਹਨ। ਇੰਨਾ ਹੀ ਨਹੀਂ 336 ਕਿਸਾਨਾਂ ਦੀ ਰੈੱਡ ਐਂਟਰੀ ਹੋ ਚੁੱਕੀ ਹੈ। ਹੁਣ ਇਹ ਕਿਸਾਨ ਅਗਲੇ ਦੋ ਸੀਜ਼ਨਾਂ ਲਈ ‘ਮੇਰੀ ਫ਼ਸਲ ਮੇਰਾ ਬਾਇਓਰਾ’ ਪੋਰਟਲ ਰਾਹੀਂ ਮੰਡੀਆਂ ਵਿੱਚ ਆਪਣੀ ਫ਼ਸਲ ਨਹੀਂ ਵੇਚ ਸਕਣਗੇ। ਦੂਜੇ ਪਾਸੇ ਸਖ਼ਤੀ ਦੇ ਬਾਵਜੂਦ ਪਰਾਲੀ ਸਾੜਨ ਦਾ ਸਿਲਸਿਲਾ ਬੇਰੋਕ ਜਾਰੀ ਹੈ। ਕਰਨਾਲ, ਕੁਰੂਕਸ਼ੇਤਰ, ਪਾਣੀਪਤ ਜ਼ਿਲ੍ਹਿਆਂ ਤੋਂ ਇਲਾਵਾ ਜੀਟੀ ਰੋਡ ਦੇ ਨਾਲ ਕੈਥਲ ਤੋਂ ਲੈ ਕੇ ਸਿਰਸਾ ਤੱਕ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਰੈੱਡ ਐਂਟਰੀ ‘ਚ ਦਰਜ ਕੀਤੇ ਗਏ 17 ਫੀਸਦੀ ਮਾਮਲੇ ਪਿਛਲੇ 24 ਘੰਟਿਆਂ ਦੇ ਹਨ ਜਦਕਿ 83 ਫੀਸਦੀ 15 ਸਤੰਬਰ ਤੋਂ 17 ਅਕਤੂਬਰ ਤੱਕ ਦੇ ਹਨ। ਸਰਕਾਰੀ ਹੁਕਮ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਇਨ੍ਹਾਂ ‘ਚ ਸ਼ਾਮਲ ਕਰ ਲਿਆ ਗਿਆ ਹੈ। ਸੂਬੇ ਵਿੱਚ 15 ਸਤੰਬਰ ਤੋਂ 19 ਅਕਤੂਬਰ ਤੱਕ ਕੀਤੀ ਗਈ ਕਾਰਵਾਈ ਦੀ ਗੱਲ ਕਰੀਏ ਤਾਂ ਕਿਸਾਨਾਂ ਤੋਂ ਕੁੱਲ 24 ਐਫ.ਆਈ.ਆਰਜ਼ ਅਤੇ 303 ਚਲਾਨ ਦਰਜ ਕੀਤੇ ਗਏ ਅਤੇ 7,70,000 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।

ਹਰਿਆਣਾ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਨੂੰ ਪੱਤਰ ਜਾਰੀ ਕਰਕੇ ਹੁਕਮ ਦਿੱਤਾ ਸੀ ਕਿ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਖੇਤਾਂ ਨੂੰ ਵੀ ਰੈੱਡ ਐਂਟਰੀ ਵਿੱਚ ਦਰਜ ਕੀਤਾ ਜਾਵੇ। ਖੇਤੀਬਾੜੀ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਸਿੱਧੀ ਐਫ.ਆਈ.ਆਰ. ਦਰਜ ਕਰਵਾਈ ਜਾ ਚੁੱਕੀ ਹੈ। ਉਂਜ ਸੂਬੇ ਵਿੱਚ ਪਹਿਲੀ ਵਾਰ ਦੋ ਸੀਜ਼ਨ ਮੰਡੀਆਂ ਵਿੱਚ ਫ਼ਸਲ ਨਾ ਵੇਚਣ ਦਾ ਨਿਯਮ ਲਾਗੂ ਕੀਤਾ ਗਿਆ ਹੈ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

View in English