ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜਨਵਰੀ 30
ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਸਰਕਾਰ ਵੱਲੋਂ ਇੱਕ ਨਵੀਂ ਐਪ ਲਾਂਚ ਕੀਤੀ ਜਾ ਰਹੀ ਹੈ। ਲੋਕ ਹੁਣ ਮੋਬਾਈਲ ‘ਤੇ ਰੋਡਵੇਜ਼ ਦੀਆਂ ਬੱਸਾਂ ਦਾ ਸ਼ਡਿਊਲ ਦੇਖ ਸਕਣਗੇ। ਇਸ ਦੇ ਲਈ ਹਰਿਆਣਾ ਟਰਾਂਸਪੋਰਟ ਵਿਭਾਗ ਇਕ ਮੋਬਾਈਲ ਐਪ ਤਿਆਰ ਕਰ ਰਿਹਾ ਹੈ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਵਿਜ ਨੇ ਕਿਹਾ ਕਿ ਹਰਿਆਣਾ ਵਿੱਚ ਟਰਾਂਸਪੋਰਟ ਵਿਭਾਗ ਨੂੰ ਆਧੁਨਿਕ ਢੰਗ ਨਾਲ ਕੰਮ ਕਰਨ ਲਈ ਜਲਦੀ ਹੀ ਇੱਕ ਟਰੈਕਿੰਗ ਐਪ ਲਾਂਚ ਕੀਤਾ ਜਾ ਰਿਹਾ ਹੈ। ਐਪ ਨੂੰ ਤਿਆਰ ਕਰਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਇਸ ਸਬੰਧੀ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਹਨ।
ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕਿਹੜੀ ਬੱਸ ਕਿਸ ਸਮੇਂ ਆਉਂਦੀ ਹੈ ਅਤੇ ਕਦੋਂ ਰਵਾਨਾ ਹੁੰਦੀ ਹੈ, ਇਸ ਬਾਰੇ ਸਾਰੀ ਜਾਣਕਾਰੀ ਟਰਾਂਸਪੋਰਟ ਵਿਭਾਗ ਦੀ ਐਪ ਰਾਹੀਂ ਯਾਤਰੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ। ਇਹ ਐਪ ਇੱਕ ਆਮ ਵਿਅਕਤੀ ਦੇ ਮੋਬਾਈਲ ਫੋਨ ਵਿੱਚ ਵੀ ਉਪਲਬਧ ਹੋਵੇਗਾ ਅਤੇ ਉਹ ਦੇਖ ਸਕੇਗਾ ਕਿ ਹਰਿਆਣਾ ਰੋਡਵੇਜ਼ ਦੀ ਕਿਹੜੀ ਬੱਸ ਆ ਰਹੀ ਹੈ ਅਤੇ ਜਿੱਥੇ ਕੋਈ ਵਿਅਕਤੀ ਖੜ੍ਹਾ ਹੈ, ਉੱਥੇ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਇਸ ਐਪ ਦਾ ਵਿਭਾਗ ਦੇ ਨਾਲ-ਨਾਲ ਯਾਤਰੀਆਂ ਨੂੰ ਵੀ ਫਾਇਦਾ ਹੋਵੇਗਾ। ਕਿਉਂਕਿ ਜਦੋਂ ਯਾਤਰੀ ਨੂੰ ਪਤਾ ਹੁੰਦਾ ਹੈ ਕਿ ਬੱਸ ਆ ਰਹੀ ਹੈ ਤਾਂ ਉਹ ਬਦਲਵੀਂ ਟਰਾਂਸਪੋਰਟ ਰਾਹੀਂ ਜਾਣ ਦੀ ਕੋਸ਼ਿਸ਼ ਨਹੀਂ ਕਰੇਗਾ।