ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਫਰਵਰੀ 23
ਹਰਿਆਣਾ ਵਿੱਚ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਹੁਣ ਉਨ੍ਹਾਂ ਲਈ ਸੰਸਕ੍ਰਿਤ, ਪੰਜਾਬੀ ਅਤੇ ਉਰਦੂ ਵਿੱਚ ਇੱਕ ਵਿਸ਼ਾ ਪੜ੍ਹਨਾ ਲਾਜ਼ਮੀ ਹੋਵੇਗਾ। ਉਹ ਆਪਣੀ ਪਸੰਦ ਅਨੁਸਾਰ 3 ਵਿੱਚੋਂ ਕੋਈ ਵੀ ਇੱਕ ਵਿਸ਼ਾ ਲੈ ਸਕਦੇ ਹਨ। ਇਸਦਾ ਮਤਲਬ ਹੈ ਕਿ ਨਵੇਂ ਸੈਸ਼ਨ ਤੋਂ ਉਨ੍ਹਾਂ ਨੂੰ ਛੇ ਦੀ ਬਜਾਏ ਸੱਤ ਵਿਸ਼ੇ ਪੜ੍ਹਨੇ ਪੈਣਗੇ।
ਸਕੂਲ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਪੰਕਜ ਅਗਰਵਾਲ ਨੇ ਇਸ ਲਈ ਤਿੰਨ ਭਾਸ਼ਾਈ ਫਾਰਮੂਲਾ ਲਾਗੂ ਕੀਤਾ ਹੈ। 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਫੈਸਲਾ ਇਸ ਸਾਲ ਅਪ੍ਰੈਲ ਵਿੱਚ ਸ਼ੁਰੂ ਹੋਣ ਵਾਲੇ ਸੈਸ਼ਨ ਤੋਂ ਲਾਗੂ ਹੋਵੇਗਾ, ਜਦੋਂ ਕਿ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਅਗਲੇ ਸੈਸ਼ਨ ਤੋਂ ਲਾਗੂ ਹੋਵੇਗਾ।
ਵਿਭਾਗ ਦੇ ਅਨੁਸਾਰ ਸਰੀਰਕ ਸਿੱਖਿਆ, ਡਰਾਇੰਗ, ਸੰਗੀਤ ਅਤੇ ਕੰਪਿਊਟਰ ਸਾਇੰਸ ਦੇ ਨਾਲ-ਨਾਲ ਪਾਠਕ੍ਰਮ ਵਿੱਚ ਸੰਸਕ੍ਰਿਤ, ਪੰਜਾਬੀ ਅਤੇ ਉਰਦੂ ਨੂੰ 6ਵੇਂ ਵਿਸ਼ੇ ਵਜੋਂ ਵਿਕਲਪਿਕ ਬਣਾਇਆ ਗਿਆ ਸੀ। ਇਸ ਕਾਰਨ ਕਰਕੇ ਵਿਦਿਆਰਥੀ ਇਨ੍ਹਾਂ ਤਿੰਨਾਂ ਭਾਸ਼ਾਵਾਂ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਹੇ ਸਨ। ਉਹ ਵਿਕਲਪਿਕ ਵਿਸ਼ਿਆਂ ਵਜੋਂ ਸਰੀਰਕ ਸਿੱਖਿਆ, ਕੰਪਿਊਟਰ ਜਾਂ ਡਰਾਇੰਗ ਨੂੰ ਲੈਂਦੇ ਸੀ। ਨਵੀਂ ਰਾਸ਼ਟਰੀ ਸਿੱਖਿਆ ਨੀਤੀ-2020 ਵਿੱਚ ਤਿੰਨ-ਭਾਸ਼ਾਈ ਫਾਰਮੂਲੇ ਨੂੰ ਸ਼ਾਮਲ ਕਰਨ ਦੀ ਮੰਗ ਵੀ ਕੀਤੀ ਗਈ। ਇਸੇ ਲਈ ਸਰਕਾਰ ਨੇ ਇਸਨੂੰ ਲਾਗੂ ਕਰਨ ਦਾ ਫੈਸਲਾ ਕੀਤਾ। ਹਰਿਆਣਾ ਸਕੂਲ ਲੈਕਚਰਾਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸਤਪਾਲ ਸਿੰਧੂ ਨੇ ਇਸ ਫੈਸਲੇ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ।