ਫੈਕਟ ਸਮਾਚਾਰ ਸੇਵਾ
ਲੁਧਿਆਣਾ , ਜੂਨ 26
ਗਰਮੀ ਤੇ ਲੂ ਦੀ ਮਾਰ ਝੱਲ ਰਹੇ ਪੰਜਾਬ ਨੂੰ ਜਲਦ ਰਾਹਤ ਮਿਲ ਜਾਏਗੀ। ਬਾਰਿਸ਼ ਦਾ ਲੰਬਾ ਇੰਤਜ਼ਾਰ ਖ਼ਤਮ ਹੋਵੇਗਾ ਤੇ ਕਿਸਾਨਾਂ ਦੇ ਚਿਹਰੇ ’ਤੇ ਖ਼ੁਸ਼ੀ ਨਜ਼ਰ ਆਵੇਗੀ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਅਗਲੇ ਤਿੰਨ ਤੋਂ ਚਾਰ ਦਿਨਾਂ ’ਚ ਪੰਜਾਬ ਦੇ ਉੱਤਰੀ ਹਿੱਸੇ ’ਚ ਮੌਨਸੂਨ ਦੇ ਅੱਗੇ ਵਧਣ ਲਈ ਢੁੱਕਵੇਂ ਹਾਲਾਤ ਬਣ ਰਹੇ ਹਨ। ਸੰਭਾਵਨਾ ਹੈ ਕਿ 27 ਜੂਨ ਤੋਂ ਬਾਅਦ ਪੰਜਾਬ ’ਚ ਮੌਨਸੂਨ ਦਸਤਕ ਦੇ ਦੇਵੇਗਾ। ਮੌਨਸੂਨ ਦੀ ਆਹਟ ਦੇ ਨਾਲ ਹੀ ਪੰਜਾਬ ਦਾ ਮੌਸਮ ਵੀ ਬਦਲ ਜਾਏਗਾ।
ਮੌਸਮ ਕੇਂਦਰ ਚੰਡੀਗੜ੍ਹ ਵਲੋਂ ਜਾਰੀ ਕੀਤੇ ਗਏ ਅਨੁਮਾਨ ਮੁਤਾਬਕ ਪੰਜਾਬ ’ਚ 26 ਤੇ 27 ਜੂਨ ਤੱਕ ਕੁਝ ਥਾਵਾਂ ’ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਜਦਕਿ 28 ਤੋਂ 29 ਜੂਨ ਨੂੰ ਕੁਝ ਥਾਵਾਂ ’ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦਰਮਿਆਨ ਬਾਰਿਸ਼ ਤੇ ਕੁਝ ਥਾਵਾਂ ’ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਨੂੰ ਲੈ ਕੇ ਵਿਭਾਗ ਨੇ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਉਥੇ 30 ਜੂਨ ਤੇ ਇਕ ਜੁਲਾਈ ਨੂੰ ਕਈ ਥਾਵਾਂ ’ਤੇ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ।