ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਨਵੰਬਰ 7
ਸੂਫੀ ਗਾਇਕ ਸਤਿੰਦਰ ਸਰਤਾਜ ਦੇ ਕਪੂਰਥਲਾ ਵਿੱਚ ਹੋਣ ਵਾਲੇ ਲਾਈਵ ਸ਼ੋਅ ਨੂੰ ਲੈ ਕੇ ਕੋਰਟ ਦੀ ਸੁਣਵਾਈ ਤੋਂ ਬਾਅਦ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਸ਼ੋਅ ਦੀ ਇਜਾਜ਼ਤ ਆਖਿਰਕਾਰ ਮਿਲ ਹੀ ਗਈ ਹੈ। ਅਸਲ ਵਿੱਚ ਕਪੂਰਥਲਾ ਦੇ ਡੀਸੀ ਅਤੇ ਸਪੋਰਟਸ ਡਾਇਰੈਕਟਰ ਦੇ ਲਿਖਤੀ ਬਿਆਨਾਂ ਦੇ ਆਧਾਰ ’ਤੇ ਜਿਵੇਂ ਹੀ ਸ਼ਿਕਾਇਤਕਰਤਾ ਨੂੰ ਇਹ ਅਹਿਸਾਸ ਹੋਇਆ ਕਿ ਕੋਰਟ ਵਿੱਚ ਫੈਸਲਾ ਸਤਿੰਦਰ ਸਰਤਾਜ ਦੇ ਹੱਕ ਵਿੱਚ ਜਾਵੇਗਾ, ਉਸ ਨੇ ਆਪਣੀ ਪਟੀਸ਼ਨ ਹੀ ਵਾਪਸ ਲੈ ਲਈ ਅਤੇ ਕਪੂਰਥਲਾ ਸ਼ੋਅ ਤੇ ਛਾਏ ਹੋਏ ਅਣਸੁਝੇ ਬੱਦਲ ਹਟ ਗਏ।
ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਦੇਸ਼-ਵਿਦੇਸ਼ ਵਿੱਚ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਲਾਈਵ ਸ਼ੋਅ ਲਈ ਲੋਕਾਂ ਵਿੱਚ ਬੇਹੱਦ ਸ਼ੌਂਕ ਹੈ ਅਤੇ ਵੱਡੀ ਭੀੜ ਉਨ੍ਹਾਂ ਦੇ ਲਾਈਵ ਸ਼ੋਅ ਵਿੱਚ ਇਕੱਠੀ ਹੁੰਦੀ ਹੈ। ਸਤਿੰਦਰ ਸਰਤਾਜ ਲਾਈਵ ਸ਼ੋਅ ਵਿੱਚ 3 ਘੰਟਿਆਂ ਤੱਕ ਆਪਣੀ ਗਾਇਕੀ ਨਾਲ ਸ਼ਰੋਤਿਆਂ ਨੂੰ ਬੰਨ੍ਹੇ ਰੱਖਣ ਵਿੱਚ ਮਾਹਰ ਹਨ। ਸਤਿੰਦਰ ਸਰਤਾਜ ਦੇ ਕਪੂਰਥਲਾ ਲਾਈਵ ਸ਼ੋਅ ਨੂੰ ਲੈ ਕੇ ਉਨ੍ਹਾਂ ਦੇ ਸ਼ਰੋਤਿਆਂ ਅਤੇ ਪ੍ਰਸ਼ੰਸਕਾਂ ਵਿੱਚ ਵੱਡਾ ਉਤਸ਼ਾਹ ਹੈ।