ਫੈਕਟ ਸਮਾਚਾਰ ਸੇਵਾ
ਵਾਸ਼ਿੰਗਟਨ, ਮਾਰਚ 18
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐਸ.ਐਸ.) ’ਤੇ ਫਸੇ ਨਾਸਾ ਦੇ ਪੁਲਾੜ ਯਾਤਰੀਆਂ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੂੰ ਲੈ ਕੇ ਸਪੇਸਐਕਸ ਕੈਪਸੂਲ ਧਰਤੀ ਲਈ ਰਵਾਨਾ ਹੋ ਗਿਆ ਹੈ। ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 3:27 ਵਜੇ ਧਰਤੀ ’ਤੇ ਵਾਪਸ ਆਉਣਗੇ।
ਸੁਨੀਤ ਵਿਲੀਅਮਜ਼ ਅਤੇ ਤਿੰਨ ਹੋਰ ਪੁਲਾੜ ਯਾਤਰੀਆਂ ਨੂੰ ਅੱਜ ਸਵੇਰੇ ਆਈ.ਐਸ.ਐਸ. ਤੋਂ ਅਨਡੌਕ ਕੀਤਾ ਗਿਆ। ਪੁਲਾੜ ਯਾਤਰੀਆਂ ਦੀ ਇਸ ਯਾਤਰਾ ਵਿਚ 17 ਘੰਟੇ ਲੱਗਣ ਵਾਲੇ ਹਨ। ਉਹ ਫਲੋਰੀਡਾ ਦੇ ਤੱਟ ’ਤੇ ਉਤਰਨਗੇ। ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੇ ਪਿਛਲੇ ਸਾਲ 5 ਜੂਨ ਨੂੰ ਨਾਸਾ ਦੇ ਮਿਸ਼ਨ ਦੇ ਹਿੱਸੇ ਵਜੋਂ ਇਕ ਬੋਇੰਗ ਪੁਲਾੜ ਯਾਨ ’ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਉਡਾਣ ਭਰੀ ਸੀ। ਉਨ੍ਹਾਂ ਨੇ ਉੱਥੇ ਸਿਰਫ਼ ਇਕ ਹਫ਼ਤੇ ਲਈ ਰੁਕਣਾ ਸੀ ਪਰ ਪੁਲਾੜ ਯਾਨ ਵਿਚ ਤਕਨੀਕੀ ਨੁਕਸ ਕਾਰਨ ਦੋਵੇਂ ਧਰਤੀ ’ਤੇ ਵਾਪਸ ਨਹੀਂ ਆ ਸਕੇ।