View in English:
January 24, 2025 11:23 pm

ਸੀਐਮ ਮਾਨ ਨੇ ਦਿੱਲੀ ਦੇ ਕਸਤੂਰਬਾ ਨਗਰ ਵਿੱਚ ਰੋਡ ਸ਼ੋਅ ਦੀ ਕੀਤੀ ਅਗਵਾਈ

ਫੈਕਟ ਸਮਾਚਾਰ ਸੇਵਾ

ਦਿੱਲੀ, ਜਨਵਰੀ 24

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਸਤੂਰਬਾ ਨਗਰ ਵਿੱਚ ਇੱਕ ਵੱਡਾ ਰੋਡ ਸ਼ੋਅ ਦੀ ਕੀਤਾ ਅਤੇ ਬਾਅਦ ਵਿੱਚ ਮਹਿਰੌਲੀ ਅਤੇ ਛਤਰਪੁਰ ਵਿਧਾਨ ਸਭਾ ਹਲਕਿਆਂ ਵਿੱਚ ਦੋ ਜਨ ਸਭਾਵਾਂ (ਜਨਤਕ ਰੈਲੀਆਂ) ਕੀਤੀਆਂ, ਜਿੱਥੇ ਮਾਨ ਨੇ ਹਜ਼ਾਰਾਂ ਸਥਾਨਕ ਲੋਕਾਂ ਅਤੇ ਸਮਰਥਕਾਂ ਨੂੰ ਸੰਬੋਧਨ ਕੀਤਾ।

ਕਸਤੂਰਬਾ ਨਗਰ ਵਿੱਚ ਰੋਡ ਸ਼ੋਅ ਦੌਰਾਨ ‘ਆਪ’ ਸਮਰਥਕਾਂ ਨੇ ਮਾਨ ਦਾ ਤਾੜੀਆਂ ਅਤੇ ਭਗਵੰਤ ਮਾਨ ਜਿੰਦਾਬਾਦ ਦੇ ਨਾਰੀਆਂ ਨਾਲ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ‘ਆਪ’ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਲੋਕਾਂ ਦਾ ਉਨ੍ਹਾਂ ਦੇ ਭਾਰੀ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ “ਮੈਂ ਲੋਕਾਂ ਦਾ ਉਤਸ਼ਾਹ ਅਤੇ ਊਰਜਾ ਦੇਖ ਸਕਦਾ ਹਾਂ, ਮੈਨੂੰ ਵਿਸ਼ਵਾਸ ਹੈ ਕਿ 5 ਫਰਵਰੀ ਨੂੰ ਝਾੜੂ ਚੋਣਾਂ ਵਿੱਚ ਹੂੰਝਾ ਫੇਰ ਦੇਵੇਗਾ। “ਅਸੀਂ ਲੋਕਾਂ ਲਈ ਅਣਥੱਕ ਮਿਹਨਤ ਕੀਤੀ ਹੈ, ਅਤੇ ਹੁਣ ਲੋਕਾਂ ਲਈ ਆਪਣੇ ਪ੍ਰਤੀਨਿਧੀਆਂ ਦੀ ਚੋਣ ਕਰਨ ਦਾ ਸਮਾਂ ਆ ਗਿਆ ਹੈ।”

ਉਨ੍ਹਾਂ ਨੇ ਅਜਿਹੇ ਪ੍ਰਤੀਨਿਧੀਆਂ ਨੂੰ ਚੁਣਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ। ਉਨ੍ਹਾਂ ਕਿਹਾ “ਅਸੀਂ ਇੱਥੇ ਝੂਠੇ ਵਾਅਦੇ ਜਾਂ ਛੋਟੀ ਰਾਜਨੀਤੀ ਕਰਨ ਲਈ ਨਹੀਂ ਆਏ ਹਾਂ, ਅਸੀਂ ਲੋਕਾਂ ਲਈ ਕੰਮ ਦੀ ਰਾਜਨੀਤੀ ਕਰਨ ਆਏ ਹਾਂ। ਅਸੀਂ ਲੋਕਾਂ ਲਈ ਕੰਮ ਕਰਨ ਲਈ ਵਚਨਬੱਧ ਹਾਂ, ਅਤੇ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ।”

ਮੁੱਖ ਮੰਤਰੀ ਨੇ ਪੰਜਾਬ ਵਿੱਚ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਸੀਂ ਪੰਜਾਬ ਵਿੱਚ 50,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿਤੀਆਂ, 90% ਘਰਾਂ ਦਾ ਜ਼ੀਰੋ ਬਿਜਲੀ ਦੇ ਬਿੱਲ ਆਉਂਦੇ ਹਨ। ਉਨ੍ਹਾਂ ਕਿਹਾ, “ਅਸੀਂ ਆਪਣੇ ਵਾਅਦੇ ਪੂਰੇ ਕੀਤੇ ਹਨ, ਅਤੇ ਅਸੀਂ ਲੋਕਾਂ ਲਈ ਕੰਮ ਕਰਦੇ ਰਹਾਂਗੇ।”

ਉਨ੍ਹਾਂ ਨੇ ‘ਆਪ’ ਦੀ ਜਨ ਸੇਵਾਵਾਂ ਪ੍ਰਤੀ ਵਚਨਬੱਧਤਾ ਅਤੇ ਵਿਰੋਧੀ ਧਿਰ ਦੇ ਨਿੱਜੀ ਹਮਲਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਕਿਹਾ ਕਿ ਭਾਜਪਾ ਸਵੇਰ ਤੋਂ ਰਾਤ ਤੱਕ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾ ਬਣਾ ਕੇ ਗਾਲ੍ਹਾਂ ਅਤੇ ਨਿੰਦਾ ਦਾ ਸਹਾਰਾ ਲੈਂਦੀ ਹੈ। ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਕੋਲ ਦਿਖਾਉਣ ਲਈ ਕੋਈ ਰਚਨਾਤਮਕ ਕੰਮ ਨਹੀਂ ਹੈ। ਇਸ ਦੇ ਉਲਟ ‘ਆਪ’ ਦਾ ਧਿਆਨ ਲੋਕਾਂ ਨੂੰ ਠੋਸ ਲਾਭ ਪਹੁੰਚਾਉਣ ‘ਤੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸੀਂ ਬਿਨਾਂ ਕਿਸੇ ਸਿਫਾਰਸ਼ ਜਾਂ ਰਿਸ਼ਵਤ ਦੇ 50,000 ਨੌਕਰੀਆਂ ਪ੍ਰਦਾਨ ਕੀਤੀਆਂ ਹਨ।

ਉਨ੍ਹਾਂ ਨੇ ‘ਆਪ’ ਦੇ ਚੋਣ ਨਿਸ਼ਾਨ, ਝਾੜੂ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ, “ਸਾਡਾ ਚੌਣ ਨਿਸ਼ਾਨ ਸਫ਼ਾਈ ਅਤੇ ਪਵਿੱਤਰਤਾ ਨੂੰ ਦਰਸਾਉਂਦਾ ਹੈ, ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ, ਅਸੀਂ ਦੇਸ਼ ਭਰ ਵਿੱਚ ਸਫ਼ਾਈ ਮੁਹਿੰਮ ਲਿਆਵਾਂਗੇ।” ਮਾਨ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਲੋਕ ‘ਆਪ’ ਦੇ ਪ੍ਰਤੀਨਿਧੀਆਂ ਨੂੰ ਚੁਣਨਗੇ ਜੋ ਉਨ੍ਹਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰਨਗੇ। ਮਾਨ ਨੇ ਲੋਕਾਂ ਨੂੰ ਦਿੱਲੀ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਈਵੀਐਮ ‘ਤੇ ‘ਝਾੜੂ’ ਦਾ ਬਟਨ ਦਬਾਉਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਭਾਜਪਾ ਦੇ ਔਰਤਾਂ ਨੂੰ 2,500 ਰੁਪਏ ਦੇਣ ਦੇ ਦਾਅਵੇ ਦੀ ਉਦਾਹਰਣ ਦਿੰਦੇ ਹੋਏ ਸਵਾਲ ਕੀਤਾ ਕੀ ਉਨ੍ਹਾਂ ਨੇ ਹਰ ਕਿਸੇ ਦੇ ਬੈਂਕ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾ ਕਰਨ ਦੇ ਆਪਣੇ ਪਹਿਲੇ ਵਾਅਦੇ ਨੂੰ ਪੂਰਾ ਕੀਤਾ? ਉਨ੍ਹਾਂ ਕਿਹਾ ਕਿ “ਉਨ੍ਹਾਂ ਦੇ ਵਾਅਦੇ ਖੋਖਲੇ ਜੁਮਲਿਆਂ ਤੋਂ ਇਲਾਵਾ ਕੁਝ ਵੀ ਨਹੀਂ ਹਨ। ਇਸ ਵਾਰ ਦਿੱਲੀ ਦੇ ਲੋਕ ਉਨ੍ਹਾਂ ਦੇ ਜਾਲ ਵਿੱਚ ਨਹੀਂ ਫਸਣਗੇ।”

ਉਨ੍ਹਾਂ ਨੇ ਭਾਜਪਾ ਦੇ ਪਖੰਡ ਦੀ ਆਲੋਚਨਾ ਕਰਦਿਆਂ ਕਿਹਾ, “ਉਨ੍ਹਾਂ ਨੇ ਕੇਜਰੀਵਾਲ ‘ਤੇ ਮੁਫ਼ਤ ਦੀ ਰੇਵੜੀਆਂ ਵੰਡਣ ਦਾ ਦੋਸ਼ ਲਗਾਇਆ, ਪਰ ਅੱਜ ਉਹੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਔਰਤਾਂ ਲਈ 2500 ਰੁਪਏ ਅਤੇ ਮੁਫ਼ਤ ਗੈਸ ਸਿਲੰਡਰ ਸਮੇਤ ਹੋਰ ਮੁਫ਼ਤ ਦਾ ਵਾਅਦਾ ਕਰ ਰਹੇ ਹਨ।” ਪਰ ਦਿੱਲੀ ਦੇ ਲੋਕ ਜਾਣਦੇ ਹਨ ਕਿ ਸਿਰਫ਼ ਕੇਜਰੀਵਾਲ ਹੀ ਆਪਣੀਆਂ ਗਰੰਟੀਆਂ ਪੂਰੀਆਂ ਕਰਦੇ ਹਨ। ਦੂਜੀਆਂ ਪਾਰਟੀਆਂ ਨੇ ਉਨ੍ਹਾਂ ਦੇ ਸ਼ਬਦ ‘ਗਾਰੰਟੀ’ ਅਤੇ ਉਨ੍ਹਾਂ ਦੀਆਂ ਗਰੰਟੀਆਂ ਦੀ ਨਕਲ ਕੀਤੀ ਹੈ, ਪਰ ਉਹ ਤੁਹਾਡੀਆਂ ਵੋਟਾਂ ਲੈਣ ਤੋਂ ਬਾਅਦ ਕੁਝ ਵੀ ਨਹੀਂ ਦੇਣਗੇ।

Leave a Reply

Your email address will not be published. Required fields are marked *

View in English