View in English:
February 2, 2025 3:22 pm

ਸਿਲੰਡਰਾਂ ਨਾਲ ਭਰੇ ਟਰੱਕ ‘ਚ ਲੱਗੀ ਭਿਆਨਕ ਅੱਗ : ਅੱਜ ਤੜਕੇ ਧਮਾਕਿਆਂ ਨਾਲ ਹਿੱਲਿਆ ਗਾਜ਼ੀਆਬਾਦ

ਫੈਕਟ ਸਮਾਚਾਰ ਸੇਵਾ

ਗਾਜ਼ੀਆਬਾਦ, ਫਰਵਰੀ 1

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਸਾਹਿਬਾਬਾਦ ਵਿੱਚ ਇੱਕ ਪੈਟਰੋਲ ਪੰਪ ਨੇੜੇ ਖੜ੍ਹੇ ਐਲਪੀਜੀ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਵਿੱਚ ਭਿਆਨਕ ਅੱਗ ਲੱਗ ਗਈ। ਟਰੱਕ ਵਿੱਚ ਵੱਡੀ ਗਿਣਤੀ ਵਿੱਚ ਗੈਸ ਸਿਲੰਡਰ ਭਰੇ ਹੋਏ ਸਨ। ਕੁਝ ਹੀ ਦੇਰ ਵਿਚ ਧਮਾਕਿਆਂ ਦੇ ਨਾਲ ਵੱਡੀ ਅੱਗ ਲੱਗ ਗਈ। ਇਕ ਤੋਂ ਬਾਅਦ ਇਕ ਗੈਸ ਸਿਲੰਡਰ ‘ਚ ਹੋਏ ਧਮਾਕਿਆਂ ਨਾਲ ਪੂਰਾ ਇਲਾਕਾ ਹਿੱਲ ਗਿਆ। ਟਰੱਕ ‘ਚ ਗੈਸ ਸਿਲੰਡਰ ‘ਚ ਧਮਾਕਾ ਹੋਣ ਤੋਂ ਬਾਅਦ ਮੌਕੇ ਤੋਂ ਕਈ ਸੌ ਮੀਟਰ ਦੂਰ ਡਿਫੈਂਸ ਕਾਲੋਨੀ ‘ਚ ਫਟਣ ਵਾਲੇ ਸਿਲੰਡਰ ਦੇ ਟੁਕੜੇ ਮਿਲੇ। ਜਿਸ ਕਾਰਨ ਲੋਕ ਵਾਲ-ਵਾਲ ਬਚ ਗਏ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਨਾਲ ਦੋ ਘਰ ਅਤੇ ਕਈ ਵਾਹਨ ਸੜ ਕੇ ਸੁਆਹ ਹੋ ਗਏ।

ਜਾਣਕਾਰੀ ਮੁਤਾਬਕ ਗਾਜ਼ੀਆਬਾਦ ਦੇ ਥਾਣਾ ਟੀਲਾ ਮੋੜ ਇਲਾਕੇ ‘ਚ ਸਥਿਤ ਭੋਪੁਰਾ ਨੇੜੇ ਦਿੱਲੀ ਮੋਹਨਨਗਰ ਰੋਡ ‘ਤੇ ਪੈਟਰੋਲ ਪੰਪ ਦੇ ਕੋਲ ਖੜ੍ਹੇ ਐੱਲ.ਪੀ.ਜੀ. ਗੈਸ ਸਿਲੰਡਰ ਨਾਲ ਭਰੇ ਟਰੱਕ ਨੂੰ ਸਵੇਰੇ ਕਰੀਬ ਸਾਢੇ 4 ਵਜੇ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ਲੱਗਦੇ ਹੀ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਸਥਾਨਕ ਲੋਕਾਂ ਵੱਲੋਂ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਅਤੇ ਪੁਲੀਸ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਹਾਲਾਂਕਿ ਉਦੋਂ ਤੱਕ ਸਿਲੰਡਰ ਨੂੰ ਲੱਗੀ ਅੱਗ ਅੱਧੀ ਦਰਜਨ ਤੋਂ ਵੱਧ ਗੱਡੀਆਂ, ਦੋ ਘਰਾਂ ਅਤੇ ਤਿੰਨ-ਚਾਰ ਦੁਕਾਨਾਂ ਤੱਕ ਫੈਲ ਚੁੱਕੀ ਸੀ। ਅੱਜ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੈਟਰੋਲ ਪੰਪ ਨੇੜੇ ਖੜ੍ਹੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਅੱਗ ਲੱਗ ਗਈ। ਕੁਝ ਹੀ ਪਲਾਂ ‘ਚ ਅੱਗ ਇੰਨੀ ਭਿਆਨਕ ਹੋ ਗਈ ਕਿ ਸੜਦੇ ਸਿਲੰਡਰ ਆਸ-ਪਾਸ ਖੜ੍ਹੀਆਂ ਦੁਕਾਨਾਂ, ਘਰਾਂ ਅਤੇ ਵਾਹਨਾਂ ‘ਤੇ ਡਿੱਗਣ ਲੱਗੇ।

ਸਥਾਨਕ ਲੋਕਾਂ ਨੇ ਜਦੋਂ ਦੇਖਿਆ ਕਿ ਅੱਗ ਲੱਗਣ ਕਾਰਨ ਕਈ ਵਾਹਨ ਸੜ ਗਏ ਤਾਂ ਰੌਲਾ ਪੈ ਗਿਆ ਅਤੇ ਹਫੜਾ-ਦਫੜੀ ਮੱਚ ਗਈ। ਆਸ-ਪਾਸ ਦੇ ਲੋਕ ਘਰਾਂ ਤੋਂ ਭੱਜਣ ਲੱਗੇ, ਗੈਸ ਸਿਲੰਡਰ ‘ਚ ਇਕ ਤੋਂ ਬਾਅਦ ਇਕ ਧਮਾਕੇ ਨਾਲ ਪੂਰਾ ਇਲਾਕਾ ਹਿੱਲ ਗਿਆ। ਸੂਚਨਾ ਮਿਲਦੇ ਹੀ ਸੀਐਫਓ ਰਾਹੁਲ ਪਾਲ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਅੱਗ ’ਤੇ ਕਾਬੂ ਪਾਇਆ। ਅੱਗ ਬੁਝਾਉਣ ਵਿੱਚ ਕਰੀਬ ਡੇਢ ਘੰਟੇ ਦਾ ਸਮਾਂ ਲੱਗਾ। ਉਦੋਂ ਤੱਕ ਤਿੰਨ-ਚਾਰ ਦੁਕਾਨਾਂ, ਦੋ ਘਰ, ਦੋ ਕਾਰਾਂ ਅਤੇ ਕਰੀਬ ਪੰਜ ਦੋਪਹੀਆ ਵਾਹਨ ਸੜ ਚੁੱਕੇ ਸਨ।

ਖੁਸ਼ਕਿਸਮਤੀ ਰਹੀ ਕਿ ਅੱਗ ਪੈਟਰੋਲ ਪੰਪ ਤੱਕ ਨਹੀਂ ਫੈਲੀ। ਸੀਐਫਓ ਰਾਹੁਲ ਪਾਲ ਨੇ ਦੱਸਿਆ ਕਿ ਇਹ ਟਰੱਕ ਭਾਰਤ ਗੈਸ ਏਜੰਸੀ ਦੇ ਸਿਲੰਡਰਾਂ ਨਾਲ ਭਰਿਆ ਹੋਇਆ ਸੀ। ਸ਼ੁਰੂਆਤੀ ਜਾਂਚ ‘ਚ ਗੈਸ ਲੀਕ ਹੋਣ ਦਾ ਖੁਲਾਸਾ ਹੋਇਆ ਹੈ। ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Leave a Reply

Your email address will not be published. Required fields are marked *

View in English