ਫੈਕਟ ਸਮਾਚਾਰ ਸੇਵਾ
ਸਟਾਕ ਮਾਰਕੀਟ ਅਪਡੇਟ , ਜਨਵਰੀ 17
ਅੱਜ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਰਜ ਕੀਤੀ ਗਈ ਹੈ। ਬੰਬਈ ਸਟਾਕ ਐਕਸਚੇਂਜ (ਬੀਐਸਈ) ਸੈਂਸੈਕਸ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਨਿਫਟੀ ਸ਼ੁੱਕਰਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ ਲਾਲ ਰੰਗ ਵਿੱਚ ਕਾਰੋਬਾਰ ਕਰ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਸੈਂਸੈਕਸ 400 ਅੰਕ ਅਤੇ ਨਿਫਟੀ 90 ਅੰਕਾਂ ਤੋਂ ਵੱਧ ਡਿੱਗ ਚੁੱਕਾ ਸੀ।
ਵਿਸ਼ਵ ਪੱਧਰ ‘ਤੇ ਕਮਜ਼ੋਰ ਸੰਕੇਤ
ਅੱਜ ਸ਼ੁਰੂਆਤੀ ਕਾਰੋਬਾਰ ‘ਚ ਬਾਜ਼ਾਰ ‘ਚ ਗਿਰਾਵਟ ਦਾ ਇਕ ਮੁੱਖ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਮਿਲੇ ਕਮਜ਼ੋਰ ਸੰਕੇਤ ਹਨ। ਕੱਲ੍ਹ ਅਮਰੀਕਾ ਦਾ ਮੁੱਖ ਸੂਚਕ ਅੰਕ ਨੈਸਡੈਕ ਕੰਪੋਜ਼ਿਟ ਗਿਰਾਵਟ ਨਾਲ ਬੰਦ ਹੋਇਆ ਸੀ। ਇਸੇ ਤਰ੍ਹਾਂ ਐਸਐਂਡਪੀ 500 ਅਤੇ ਡਾਓ ਜੋਂਸ ਵੀ ਕੱਲ੍ਹ ਕਮਜ਼ੋਰ ਰਹੇ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕੀ ਬਾਜ਼ਾਰ 20 ਜਨਵਰੀ ਤੱਕ ਅਸਥਿਰ ਰਹੇਗਾ। ਇਸ ਦਿਨ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣੀ ਹੈ।
ਇਸ ਤੋਂ ਇਲਾਵਾ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ ਵਿਕਰੀ ਵੀ ਭਾਰਤੀ ਬਾਜ਼ਾਰ ਲਈ ਚਿੰਤਾ ਦਾ ਵਿਸ਼ਾ ਹੈ। ਇਕ ਰਿਪੋਰਟ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਵੀ ਵੀਰਵਾਰ ਨੂੰ 4,341.95 ਕਰੋੜ ਰੁਪਏ ਦੀ ਨਕਦੀ ਵੇਚੀ। ਸਾਲ 2025 ਦੇ ਕੁੱਲ 12 ਵਪਾਰਕ ਸੈਸ਼ਨਾਂ ਵਿੱਚ ਉਨ੍ਹਾਂ ਦੀ ਕੁੱਲ ਵਿਕਰੀ ਦਾ ਅੰਕੜਾ 43,258 ਕਰੋੜ ਰੁਪਏ ਰਿਹਾ ਹੈ। ਵਿਦੇਸ਼ੀ ਨਿਵੇਸ਼ਕਾਂ ਨੇ ਪਿਛਲੇ ਸਾਲ ਦੇ ਆਖਰੀ ਮਹੀਨਿਆਂ ਤੋਂ ਵਿਕਰੀ ‘ਤੇ ਜ਼ਿਆਦਾ ਜ਼ੋਰ ਦਿੱਤਾ ਹੈ।