View in English:
August 19, 2025 8:51 pm

ਸਤਲੁਜ ‘ਚ ਪਾਣੀ ਘਟਿਆ,ਪ੍ਰਸ਼ਾਸਨ ਮੁਸਤੈਦ

ਫੈਕਟ ਸਮਾਚਾਰ ਸੇਵਾ

ਫਾਜ਼ਿਲਕਾ, ਅਗਸਤ 19

ਸਤਲੁਜ ਨਦੀ ਵਿਚ ਹੁਸੈਨੀਵਾਲਾ ਹੈਡਵਰਕਸ ਤੋਂ ਛੱਡੇ ਜਾ ਰਹੇ ਪਾਣੀ ਵਿਚ 18 ਹਜਾਰ ਕੁਉਸਿਕ ਦੀ ਕਮੀ ਆਈ ਹੈ। ਇਹ ਜਾਣਕਾਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਭਾਰਤ ਪਾਕਿ ਸਰਹੱਦ ਨਾਲ ਵਸੇ ਸਰਹੱਦੀ ਪਿੰਡਾਂ ਦੇ ਦੌਰੇ ਦੌਰਾਨ ਦਿੱਤੀ। ਇਸ ਮੌਕੇ ਐਸਐਸਪੀ ਗੁਰਮੀਤ ਸਿੰਘ ਅਤੇ ਐਸਡੀਐਮ ਵੀਰਪਾਲ ਕੌਰ ਵੀ ਉਨ੍ਹਾਂ ਦੇ ਨਾਲ ਹਾਜਰ ਸਨ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਮਹਾਤਮਨਗਰ, ਤੇਜਾ ਰੁਹੇਲਾ, ਚੱਕ ਰੁਹੇਲਾ, ਰੇਤੇ ਵਾਲੀ ਭੈਣੀ, ਗੁਲਾਬੇ ਵਾਲੀ ਭੈਣੀ ਅਤੇ ਢਾਣੀ ਸੱਦਾ ਸਿੰਘ ਦਾ ਦੌਰਾ ਕੀਤਾ। ਇੱਥੇ ਸਾਰੇ ਪਿੰਡਾਂ ਵਿਚ ਆਬਾਦੀ ਵਾਲਾ ਖੇਤਰ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਪਿੰਡਾਂ ਦੇ ਆਬਾਦੀ ਵਾਲੇ ਖੇਤਰ ਵਿਚ ਪਾਣੀ ਨਹੀਂ ਆਇਆ ਹੈ।
ਡਿਪਟੀ ਕਮਿਸ਼ਨਰ ਵੱਲੋਂ ਵਿਸੇਸ਼ ਤੌਰ ਤੇ ਖੇਤਾਂ ਵਿਚ ਬਣੀਆਂ ਢਾਣੀਆਂ ਤੱਕ ਟਰੈਕਟਰ ਤੇ ਜਾ ਕੇ ਲੋਕਾਂ ਦਾ ਹਾਲ ਚਾਲ ਜਾਣਿਆਂ। ਜਿਕਰਯੋਗ ਹੈ ਕਿ ਇਹ ਸਾਰਾ ਇਲਾਕਾ ਦਰਿਆ ਦੇ ਪ੍ਰਵਾਹ ਖੇਤਰ ਹੈ। ਉਨ੍ਹਾਂ ਨੇ ਦੱਸਿਆ ਕਿ ਨੀਵੇਂ ਖੇਤਾਂ ਵਿਚ ਪਾਣੀ ਆਇਆ ਹੈ ਅਤੇ ਅਜਿਹੇ ਖੇਤਾਂ ਵਿਚ ਕੁੱਝ ਢਾਣੀਆਂ ਦੁਆਲੇ ਵੀ ਪਾਣੀ ਆਇਆ ਹੈ ਪਰ ਢਾਣੀਆਂ ਦੇ ਅੰਦਰ ਪਾਣੀ ਨਹੀਂ ਗਿਆ ਹੈ। ਉਨ੍ਹਾਂ ਨੇ ਅਜਿਹੀਆਂ ਅਨੇਕ ਢਾਣੀਆਂ ਵਿਚ ਪਹੁੰਚ ਕੇ ਲੋਕਾਂ ਤੋਂ ਉਨ੍ਹਾਂ ਦਾ ਹਾਲ ਚਾਲ ਅਤੇ ਸਿਹਤ ਬਾਰੇ ਜਾਣਿਆ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਰਾਸ਼ਨ ਪਾਣੀ ਉਪਲਬੱਧ ਹੈ ਅਤੇ ਸਿਰਫ ਕੁਝ ਲੋਕਾਂ ਦਾ ਜਿੰਨ੍ਹਾਂ ਦੇ ਹਰੇ ਚਾਰੇ ਦੀ ਫਸਲ ਡੁੱਬ ਗਈ ਹੈ ਨੇ ਹਰੇ ਚਾਰੇ ਦੀ ਮੰਗ ਕੀਤੀ ਹੈ ਜਿਸ ਨੂੰ ਪੂਰਾ ਕਰਨ ਸਬੰਧੀ ਡਿਪਟੀ ਕਮਿਸ਼ਨਰ ਵਲੋਂ ਸੰਬੰਧਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਹੁਸੈਨੀਵਾਲਾ ਤੋਂ ਪਾਣੀ ਘਟਣ ਦਾ ਪ੍ਰਭਾਵ ਕੱਲ ਤੱਕ ਹੋਰ ਵਧੇਰੇ ਦਿਖਾਈ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਰਾਂ ਮੁਸਤੈਦ ਹੈ। ਲੋਕਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਸੁਰੱਖਿਅਤ ਥਾਂ ਤੇ ਜਾਣ ਦਾ ਸੁਨੇਹਾ ਦਿੱਤਾ ਗਿਆ ਤਾਂ ਲੋਕਾਂ ਨੇ ਕਿਹਾ ਕਿ ਫਿਲਹਾਲ ਉਹ ਆਪਣੇ ਘਰ ਹੀ ਰਹਿਣਾ ਚਾਹੁੰਦੇ ਹਨ ਕਿਉਂਕਿ ਪਿੰਡਾਂ ਵਿਚ ਕਿਤੇ ਪਾਣੀ ਨਹੀਂ ਹੈ ਅਤੇ ਪਾਣੀ ਸਿਰਫ ਖੇਤਾਂ ਵਿਚ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਪਿੰਡਾਂ ਵਿਚ ਪ੍ਰਸ਼ਾਸਨ ਦੀਆਂ ਟੀਮਾਂ ਤਾਇਨਾਤ ਹਨ ਅਤੇ ਹਰ ਸਥਿਤੀ ਤੇ ਨਜਰ ਰੱਖੀ ਜਾ ਰਹੀ ਹੈ। ਲੋਕਾਂ ਨੂੰ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਦਿੱਕਤ ਹੋਵੇਗੀ ਤਾਂ ਪ੍ਰਸ਼ਾਸਨ ਹਰ ਮਦਦ ਮੁਹਈਆ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ ਕਰੀਕ ਦੇ ਪੂਰਬ ਵਾਲਾ ਸਾਰਾ ਬੰਨ ਸੁਰੱਖਿਅਤ ਹੈ ਅਤੇ ਡ੍ਰੇਨਜ ਵਿਭਾਗ ਵੱਲੋਂ ਸਾਰੇ ਪ੍ਰਬੰਧ ਕੀਤੇ ਹੋਏ ਹਨ ਅਤੇ ਮਿੱਟੀ ਦੇ ਖਾਲੀ ਅਤੇ ਭਰੇ ਥੈਲਿਆਂ ਦਾ ਵੀ ਸਟਾਕ ਰੱਖਿਆ ਗਿਆ ਹੈ।

ਸਿਹਤ ਵਿਭਾਗ ਸਮੇਤ ਸਾਰੇ ਵਿਭਾਗਾਂ ਨੂੰ ਅਲਰਟ ਤੇ ਰੱਖਿਆ ਗਿਆ ਹੈ ਅਤੇ ਫਿਲਹਾਲ ਸਥਿਤੀ ਪੂਰੀ ਤਰਾਂ ਕਾਬੂ ਹੇਠ ਹੈ, ਅਤੇ ਜਲ ਸ਼ੋ੍ਰਤ ਵਿਭਾਗ ਨੂੰ ਪਾਣੀ ਦੀ ਨਿਕਾਸੀ ਤੇ ਆਗਾਉਂ ਨਜਰ ਰੱਖਣ ਲਈ ਕਿਹਾ ਗਿਆ ਹੈ ਤਾਂ ਜੋ ਹਰੀਕੇ ਤੋਂ ਨਿਕਾਸੀ ਵੱਧਣ ਤੇ ਅਗਾਉਂ ਇੰਤਜਾਮ ਕੀਤੇ ਜਾ ਸਕਨ। ਇਸ ਮੌਕੇ ਅਮਨਦੀਪ ਸਿੰਘ ਮਾਵੀ, ਡੇ੍ਨਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਗੁਰਵੀਰ ਸਿੰਘ ਸਿੱਧੂ ਵੀ ਹਾਜਰ ਸਨ।

Leave a Reply

Your email address will not be published. Required fields are marked *

View in English