ਫੈਕਟ ਸਮਾਚਾਰ ਸੇਵਾ
ਪਟਿਆਲਾ, ਨਵੰਬਰ 4
ਅਮਰੀਕਾ ਦੇ ਕਲਰੇਡੋ ਵਿਖੇ ਚੱਲ ਰਹੀ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ (ਅੰਡਰ-19) ਵਿੱਚ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸ਼ਹਿਰ ਦੀ ਕ੍ਰਿਸ਼ਾ ਵਰਮਾ ਨੇ 75 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ ਤਗਮਾ ਜਿੱਤ ਕੇ ਕੌਮਾਂਤਰੀ ਪੱਧਰ ’ਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਵਾਸੀਆਂ ਲਈ ਬਹੁਤ ਮਾਣ ਅਤੇ ਖ਼ੁਸ਼ੀ ਵਾਲੀ ਦੀ ਗੱਲ ਹੈ ਕਿ ਸੰਨੀ ਦੱਤਾ ਬਾਕਸਿੰਗ ਕਲੱਬ, ਸਮਾਣਾ ਦੀ ਬਾਕਸਿੰਗ ਖੇਡ ਦੀ ਖਿਡਾਰਨ ਕ੍ਰਿਸ਼ਾ ਵਰਮਾ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ (ਅੰਡਰ-19) ਜੋਕਿ ਕਲਰੇਡੋ (ਯੂ.ਐਸ.ਏ) ਵਿੱਚ ਹੋ ਰਹੀਆਂ ਹਨ ਵਿੱਚ 75 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਸ਼ਹਿਰ ਸਮਾਣਾ, ਜ਼ਿਲ੍ਹਾ ਪਟਿਆਲਾ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਪਟਿਆਲਾ ਨੇ ਇਸ ਖਿਡਾਰਨ ਦੀ ਇਸ ਖੇਡ ਉਪਲਬਧੀ ’ਤੇ ਖਿਡਾਰਨ ਅਤੇ ਮਾਪਿਆ ਨੂੰ ਵਧਾਈ ਦਿੱਤੀ, ਤੇ ਕਿਹਾ ਕਿ ਇਹ ਸਾਡੇ ਪੰਜਾਬ ਵਾਸੀਆਂ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਇੱਕ ਛੋਟੇ ਜਿਹੇ ਕਸਬੇ ਵਿੱਚ ਜਨਮੀ ਇਸ ਖਿਡਾਰਨ ਨੇ ਆਪਣੀ ਇਸ ਉਪਲਬਧੀ ਨਾਲ ਪੰਜਾਬ ਦਾ ਨਾਮ ਸਾਰੇ ਵਰਲਡ ਵਿੱਚ ਰੌਸ਼ਨ ਕੀਤਾ ਹੈ, ਅੱਗੇ ਉਨ੍ਹਾਂ ਕਿਹਾ ਕਿ ਇਸ ਖਿਡਾਰਨ ਤੋਂ ਹੋਰ ਖਿਡਾਰੀ/ਖਿਡਾਰਨਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਜੇਕਰ ਕੋਈ ਮਨ ਵਿੱਚ ਠਾਣ ਲਵੇ ਤਾਂ ਉਹ ਘੱਟ ਵਸੀਲਿਆਂ ਵਿੱਚ ਵੀ ਆਪਣੀ ਮਿਹਨਤ ਅਤੇ ਜਜ਼ਬੇ ਸਦਕਾ ਕੁਝ ਵੀ ਉਪਲਬਧੀ ਹਾਸਲ ਕਰ ਸਕਦਾ ਹੈ।