ਫੈਕਟ ਸਮਾਚਾਰ ਸੇਵਾ
ਪੱਟੀ, ਅਗਸਤ 18
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਹਰੀਕੇ ਹੈੱਡ ਵਰਕਸ, ਡੂਮਣੀਵਾਲਾ, ਕੁੱਤੀਵਾਲਾ, ਘੜੁੰਮ, ਸਭਰਾ, ਗੁਦਾਈਕੇ, ਜੱਲੋਕੇ, ਕੋਟਬੁੱਢਾ, ਰਾਮ ਸਿੰਘ ਵਾਲਾ ਆਦਿ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਦਰਿਆ ਵਿੱਚ ਪਾਣੀ ਦੇ ਵਧੇ ਪੱਧਰ ਕਰਕੇ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਦਰਿਆ ਵਿੱਚ ਪਾਣੀ ਦੇ ਵਧੇ ਪੱਧਰ ਨਾਲ ਪ੍ਰਭਾਵਿਤ ਲੋਕਾਂ ਅਤੇ ਕਿਸਾਨਾਂ ਦੀ ਹਰ ਪੱਖੋਂ ਮੱਦਦ ਯਕੀਨੀ ਬਣਾਈ ਜਾਵੇ। ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸੰਭਾਵੀਂ ਹੜ੍ਹਾਂ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ।
ਉਹਨਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਮੈਦਾਨੀ ਅਤੇ ਪਹਾੜੀ ਖੇਤਰਾਂ ਵਿੱਚ ਪੈ ਰਹੀ ਭਾਰੀ ਬਾਰਸ਼ ਕਾਰਨ ਜ਼ਿਲ੍ਹਾ ਤਰਨ ਤਾਰਨ ਵਿਚੋਂ ਲੰਘਦੇ ਦਰਿਆਵਾਂ ਅਤੇ ਨਾਲਿਆਂ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ।ਉਹਨਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਅਜੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਹਨਾਂ ਪਾਣੀ ਨਾਲ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਹੰਗਾਮੀ ਹਾਲਤ ਦਾ ਸਾਹਮਣਾ ਕਰਨ ਲਈ ਪੂਰੀ ਤਰਾਂ ਤਿਆਰ ਹੈ।
ਇਸ ਮੌਕੇ ਐਕਸੀਅਨ ਸਾਹਿਲ ਕੁਮਾਰ, ਚੇਅਰਮੈਨ ਦਿਲਬਾਗ ਸਿੰਘ ਪੀ.ਏ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਰਣਜੀਤ ਸਿੰਘ, ਸਰਪੰਚ ਗੁਰਬਿੰਦਰ ਸਿੰਘ ਕਾਲੇਕੇ, ਸਰਪੰਚ ਇਕਬਾਲ ਸਿੰਘ ਹਰੀਕੇ,ਸਰਪੰਚ ਅਵਤਾਰ ਸਿੰਘ ਸਭਰਾ, ਲਵ ਸਭਰਾ, ਸੋਨੂੰ ਸਭਰਾ ਸਮੇਤ ਪਾਰਟੀ ਵੀ ਉਹਨਾਂ ਦੇ ਨਾਲ ਸਨ।