View in English:
January 5, 2025 5:13 am

ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਚੌਹਾਲ ਈਕੋ ਟੂਰਿਜ਼ਮ ਪ੍ਰਾਜੈਕਟ ਦਾ ਡਿਜੀਟਲ ਉਦਘਾਟਨ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਜੁਲਾਈ 22

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਈਕੋ ਟੂਰਿਜ਼ਮ ਦੇ ਗੜ੍ਹ ਵਜੋਂ ਵਿਕਸਿਤ ਕਰਨ ਹਿੱਤ ਪੂਰੀ ਤਰ੍ਹਾਂ ਵਚਨਬੱਧ ਹੈ।

ਇਸੇ ਦੇ ਹਿੱਸੇ ਵਜੋਂ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਵਣ ਕੰਪਲੈਕਸ, ਸੈਕਟਰ 68, ਮੋਹਾਲੀ ਤੋਂ ਡਿਜੀਟਲ ਤੌਰ ਉੱਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਚੌਹਾਲ ਈਕੋ ਟੂਰਿਜ਼ਮ ਪ੍ਰਾਜੈਕਟ (ਨੇਚਰ ਰਟਰੀਟ ਚੌਹਾਲ) ਦਾ ਉਦਘਾਟਨ ਕੀਤਾ ਗਿਆ। ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਲੋਕਾਂ ਨੂੰ ਜੰਗਲ ਅਤੇ ਜੰਗਲੀ ਜੀਵ ਬਾਰੇ ਜਾਣੂੰ ਕਰਵਾਉਣਾ ਅਤੇ ਪੰਜਾਬ ਵਿੱਚ ਈਕੋ ਟੂਰਿਜ਼ਮ ਨੂੰ ਬੜ੍ਹਾਵਾ ਦੇਣਾ ਹੈ। ਇਸ ਪ੍ਰਾਜੈਕਟ ਵਿਖੇ ਲੋਕਾਂ ਦੇ ਰਹਿਣ ਲਈ ਹੱਟਸ ਬਣਾਏ ਗਏ ਹਨ, ਜਿਸਤੇ ਤਕਰੀਬਨ 60 ਲੱਖ ਰੁਪਏ ਦਾ ਖਰਚਾ ਆਇਆ ਹੈ। ਇੱਥੇ ਲੋਕ ਆਪਣੇ ਪਰਿਵਾਰ ਸਮੇਤ ਰਹਿ ਸਕਦੇ ਹਨ। ਇਸ ਪ੍ਰਾਜੈਕਟ ਦੀ ਖਾਸੀਅਤ ਹੈ ਕਿ ਇਹ ਪ੍ਰਾਜੈਕਟ ਲੋਕਲ ਕਮਿਊਨਟੀ ਦੁਆਰਾ ਚਲਾਇਆ ਜਾ ਰਿਹਾ ਹੈ, ਜਿਸਦੇ ਮੁਨਾਫੇ ਦਾ 50% ਹਿੱਸਾ ਪਿੰਡ ਦੇ ਵਿਕਾਸ ਲਈ ਖਰਚ ਕੀਤਾ ਜਾਵੇਗਾ।

ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ ਸੈਲਾਨੀਆਂ ਲਈ ਖਾਣ ਪੀਣ ਲਈ ਕੰਟੀਨ ਦਾ ਪ੍ਰਬੰਧ ਵੀ ਹੈ ਅਤੇ ਸੈਲਾਨੀਆਂ ਦੇ ਘੁੰਮਣ ਲਈ ਜੀਪ ਸਫਾਰੀ, ਨੇਚਰ ਟ੍ਰੇਲ ਦੀ ਸੁਵਿਧਾ ਵੀ ਉਪਲੱਬਧ ਹੈ, ਜਿਸਤੋਂ ਸੈਲਾਨੀ ਕੁਦਰਤ ਦਾ ਨਜ਼ਾਰਾ ਅਤੇ ਜੰਗਲੀ ਜੀਵ ਜਿਵੇਂ ਕਿ ਮੋਰ, ਸਾਂਬਰ, ਹਿਰਨ, ਚਿੜੀਆਂ, ਤੇਂਦੂਆ ਆਦਿ ਨੂੰ ਵੇਖ ਸਕਦੇ ਹਨ।

ਉਨ੍ਹਾਂ ਅਗਾਂਹ ਦੱਸਿਆ ਕਿ ਇਹ ਪੰਜਾਬ ਦਾ ਇਸ ਤਰ੍ਹਾਂ ਦਾ ਤੀਜਾ ਪ੍ਰਾਜੈਕਟ ਹੈ। ਇਸਤੋਂ ਇਲਾਵਾ ਪਹਿਲਾਂ ਪਠਾਨਕੋਟ ਜਿਲ੍ਹੇ ਵਿੱਚ ਮਿੰਨੀ ਗੋਆ, ਹੁਸ਼ਿਆਰਪੁਰ ਵਿਖੇ ਥਾਨਾ ਡੈਮ ਉੱਤੇ ਜੰਗਲ ਲੋਜ਼ਿਜ ਵੀ ਵਣ ਵਿਭਾਗ ਵੱਲੋਂ ਬਣਾਏ ਗਏ ਹਨ, ਜਿਨ੍ਹਾਂ ਨੂੰ ਸੈਲਾਨੀਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਨਵੇਂ ਪ੍ਰਾਜੈਕਟ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਸਥਾਨਕ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸਤੋਂ ਇਲਾਵਾ ਜਲਦ ਹੀ ਚੌਹਾਲ ਤੋਂ ਤੱਖਣੀ ਵਾਈਲਡ ਲਾਈਫ ਸੈਂਚੂਰੀ ਵਿੱਚ ਜੰਗਲ ਸਫਾਰੀ ਸ਼ੁਰੂ ਕੀਤੀ ਜਾਵੇਗੀ।

ਇਸ ਮੌਕੇ ਪ੍ਰਮੁੱਖ ਮੁੱਖ ਵਣਪਾਲ ਆਰ.ਕੇ. ਮਿਸ਼ਰਾ, ਵਣ ਮੰਡਲ ਅਫਸਰ ਹੁਸ਼ਿਆਰਪੁਰ ਨਲਿਨ ਯਾਦਵ ਅਤੇ ਵਣ ਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ. ਸੰਜੀਵ ਕੁਮਾਰ ਤਿਵਾੜੀ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English