ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਨਵੰਬਰ 16
ਟਵਿਟਰ ਦੇ ਨਵੇਂ ਮਾਲਕ ਬਣਨ ਤੋਂ ਬਾਅਦ ਐਲੋਨ ਮਸਕ ਨੇ ਸਿਰਫ ਇਕ ਮਹੀਨੇ ‘ਚ ਕੰਪਨੀ ‘ਚ ਇੰਨੇ ਬਦਲਾਅ ਕੀਤੇ ਹਨ ਕਿ ਸ਼ਾਇਦ ਹੀ ਟਵਿਟਰ ਨੇ ਪਿਛਲੇ 10 ਸਾਲਾਂ ‘ਚ ਇਹ ਬਦਲਾਅ ਨਹੀਂ ਕੀਤੇ ਹੋਣਗੇ। ਮਾਲਕ ਬਣਨ ਦੇ ਨਾਲ ਹੀ ਐਲੋਨ ਮਸਕ ਨੇ ਸੀਈਓ ਪਰਾਗ ਅਗਰਵਾਲ ਨੂੰ ਬਰਖਾਸਤ ਕਰ ਦਿੱਤਾ ਹੈ। ਉਸ ਤੋਂ ਬਾਅਦ ਬਲੂ ਟਿੱਕ ਨੂੰ ਫੀਸ ਆਧਾਰਿਤ ਕੀਤਾ। ਇਸ ਤੋਂ ਬਾਅਦ ਐਲੋਨ ਮਸਕ ਨੇ ਭਾਰਤ ‘ਚ ਸਲੋਅ ਟਵਿਟਰ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਪੇਡ ਬਲੂ ਟਿੱਕ ਕਾਰਨ ਕੰਪਨੀ ਨੂੰ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਤੋਂ ਬਾਅਦ ਐਲੋਨ ਮਸਕ ਨੇ ਇਸ ਨੂੰ ਫਿਲਹਾਲ ਰੋਕ ਦਿੱਤਾ ਹੈ ਅਤੇ ਬਲੂ ਟਿੱਕ ਦੀ ਮੁੜ ਸ਼ੁਰੂਆਤ 29 ਨਵੰਬਰ 2022 ਤੋਂ ਹੋਣ ਜਾ ਰਹੀ ਹੈ। ਐਲੋਨ ਮਸਕ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਬਲੂ ਟਿੱਕ ਵੈਰੀਫਿਕੇਸ਼ਨ ਦੀ ਮੁੜ ਸ਼ੁਰੂਆਤ ਦੇ ਨਾਲ ਹੀ ਐਲੋਨ ਮਸਕ ਨੇ ਕਿਹਾ ਕਿ ਅਗਲੇ ਕੁਝ ਮਹੀਨਿਆਂ ਵਿੱਚ ਮੁਫਤ ਬਲੂ ਟਿੱਕਸ ਨੂੰ ਹਟਾ ਦਿੱਤਾ ਜਾਵੇਗਾ। ਐਲੋਨ ਮਸਕ ਦੇ ਅਨੁਸਾਰ ਬਲੂ ਟਿੱਕ ਲਈ ਹਰ ਹਾਲ ‘ਚ ਟਵਿੱਟਰ ਬਲੂ ਦਾ ਮੈਂਬਰ ਬਣਨਾ ਪਵੇਗਾ ਜੋ ਕਿ ਫੀਸ ਅਧਾਰਤ ਹੈ। ਟਵਿੱਟਰ ਬਲੂ ਵਿੱਚ ਟਵੀਟਸ ਨੂੰ ਐਡਿਟ ਕਰਨ ਵਰਗੀਆਂ ਵਿਸ਼ੇਸ਼ਤਾਵਾਂ ਉਪਲਬਧ ਹਨ। ਟਵਿਟਰ ਬਲੂ ਦੀ ਅਮਰੀਕਾ ਵਿੱਚ ਕੀਮਤ $8 ਹੈ, ਜਦੋਂ ਕਿ ਭਾਰਤ ਵਿੱਚ ਇਸਦੀ ਕੀਮਤ 712 ਰੁਪਏ ਦੱਸੀ ਜਾ ਰਹੀ ਹੈ।