ਫੈਕਟ ਸਮਾਚਾਰ ਸੇਵਾ
ਬਠਿੰਡਾ , ਜੁਲਾਈ 24
ਵਪਾਰਕ ਜਗ੍ਹਾ ਨੂੰ ਰਹਾਇਸ਼ੀ ਵਿਚ ਤਬਦੀਲ ਕਰਨ ਅਤੇ ਫਿਰ ਕੋਡੀਆਂ ਦੇ ਭਾਅ ਖਰੀਦੇ ਜਾਣ ਦੇ ਮਾਮਲੇ ਵਿੱਚ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਅੱਗੇ ਪੇਸ਼ ਹੋਏ। ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਸਰਕਟ ਹਾਊਸ ਵਿੱਚ ਪੁੱਜੇ ਜਿੱਥੇ ਉਹ ਆਪਣੇ ਸਮਰਥਕਾਂ ਨੂੰ ਵੀ ਮਿਲੇ। ਜਦੋਂ ਮਨਪ੍ਰੀਤ ਬਾਦਲ ਆਪਣੇ ਸਮਰਥਕਾਂ ਅਤੇ ਵਕੀਲਾਂ ਸਮੇਤ ਦਫ਼ਤਰ ਜਾ ਰਹੇ ਸਨ ਤਾਂ ਪੁਲੀਸ ਨੇ ਉਨ੍ਹਾਂ ਨੂੰ ਇਕੱਲੇ ਹੀ ਜਾਣ ਦਿੱਤਾ ਜਦੋਂ ਕਿ ਬਾਕੀ ਸਾਥੀਆਂ ਨੂੰ ਓਥੇ ਹੀ ਰੋਕ ਲਿਆ।
ਪੁਲਿਸ ਮੁਲਾਜਮਾਂ ਨੇ ਮਨਪ੍ਰੀਤ ਬਾਦਲ ਤੋਂ ਮੋਬਾਈਲ ਫੋਨ ਅਤੇ ਉਸ ਦਾ ਪਰਸ ਵੀ ਬਾਹਰ ਕੱਢਵਾ ਲਿਆ। ਜਿਕਰਯੋਗ ਹੈ ਕਿ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ਼ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਕਰੋੜਾਂ ਰੁਪਏ ਦੀ ਵਪਾਰਕ ਜਮੀਨ ਨੂੰ ਰਿਹਾਇਸ਼ੀ ਵਿੱਚ ਤਬਦੀਲ ਕਰਦਿਆਂ ਬਹੁਤ ਘੱਟ ਮੁੱਲ ਵਿੱਚ ਖਰੀਦ ਲਿਆ।