ਫੈਕਟ ਸਮਾਚਾਰ ਸੇਵਾ
ਦੇਹਾਰਦੂਨ, ਅਗਸਤ 12
ਉਤਰਾਖ਼ੰਡ ਵਿਚ ਭਾਰੀ ਮੀਂਹ ਜਾਰੀ ਹੈ। ਸੋਮਵਾਰ ਨੂੰ ਦੇਹਰਾਦੂਨ ਵਿਚ ਨਦੀਆਂ, ਨਾਲੇ ਤੇ ਸੜਕਾਂ ਪਾਣੀ ਨਾਲ ਭਰ ਗਈਆਂ। ਇਸ ਦੌਰਾਨ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਵੜ ਗਿਆ। ਮਾਲਦੇਵਤਾ ਖੇਤਰ ਵਿਚ ਨਦੀ ਨੇ ਨੇੜਲੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਟਿਹਰੀ ਗੜ੍ਹਵਾਲ ਦੇ ਮੰਦਰ ਪਿੰਡ ਵਿਚ ਇਕ ਸਰਕਾਰੀ ਸਕੂਲ ਦਾ ਬਾਥਰੂਮ ਢਹਿ ਗਿਆ ਹੈ।
ਰੁਦਰਪ੍ਰਯਾਗ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ 12 ਤੋਂ 14 ਅਗਸਤ ਤੱਕ ਪੂਰੇ ਉੱਤਰਾਖੰਡ ਵਿਚ ਭਾਰੀ ਮੀਂਹ ਦੀ ਚਿਤਾਵਨੀ ਹੈ। ਇਸ ਕਾਰਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਕੇਦਾਰਨਾਥ ਧਾਮ ਯਾਤਰਾ ਨੂੰ 3 ਦਿਨਾਂ ਲਈ ਰੋਕ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਉਤਰਾਖੰਡ, ਅਸਾਮ ਸਮੇਤ 6 ਸੂਬਿਆਂ ਵਿਚ ਮੀਂਹ ਲਈ ਰੈੱਡ ਅਲਰਟ, ਹਿਮਾਚਲ-ਬਿਹਾਰ ਸਮੇਤ 3 ਸੂਬਿਆਂ ਵਿਚ ਆਰੈਂਜ ਅਲਰਟ ਅਤੇ ਯੂ.ਪੀ.-ਐਮ.ਪੀ. ਸਮੇਤ 16 ਸੂਬਿਆਂ ਵਿਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ।