ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਅਗਸਤ 19
‘ਇੰਡੀਆ’ ਗਠਜੋੜ ਨੇ ਅੱਜ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਦੇ ਘਰ ਹੋਈ ਮੀਟਿੰਗ ਵਿਚ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਬੀ. ਸੁਦਰਸ਼ਨ ਰੈਡੀ ਦੇ ਨਾਮ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਖੜਗੇ ਨੇ ਮੀਟਿੰਗ ਤੋਂ ਬਾਅਦ ਇਕ ਪ੍ਰੈਸ ਕਾਨਫ਼ਰੰਸ ਵਿਚ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ।
ਸੇਵਾਮੁਕਤ ਜਸਟਿਸ ਬੀ. ਸੁਦਰਸ਼ਨ ਰੈਡੀ ਦਾ ਜਨਮ 8 ਜੁਲਾਈ 1946 ਨੂੰ ਹੋਇਆ ਸੀ। ਉਨ੍ਹਾਂ ਨੇ ਬੀ.ਏ., ਐਲ.ਐਲ.ਬੀ. ਕੀਤੀ ਹੈ। ਉਨ੍ਹਾਂ ਨੂੰ 2 ਮਈ 1995 ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ 5 ਦਸੰਬਰ 2005 ਨੂੰ ਗੁਹਾਟੀ ਹਾਈ ਕੋਰਟ ਦਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਸੀ। ਕਈ ਵਿਰੋਧੀ ਆਗੂਆਂ ਨੇ ਸੋਮਵਾਰ ਸ਼ਾਮ ਨੂੰ ਖੜਗੇ ਦੇ ਘਰ ਇਕ ਮੀਟਿੰਗ ਕੀਤੀ ਅਤੇ ਉਪ ਰਾਸ਼ਟਰਪਤੀ ਅਹੁਦੇ ਲਈ ਆਪਣੇ ਸਾਂਝੇ ਉਮੀਦਵਾਰ ਦੇ ਨਾਵਾਂ ’ਤੇ ਚਰਚਾ ਕੀਤੀ। ਆਗੂਆਂ ਨੇ ਕੁਝ ਨਾਵਾਂ ਦਾ ਸੁਝਾਅ ਦਿੱਤਾ, ਜਿਸ ‘ਚ ਤਾਮਿਲਨਾਡੂ ਦੇ ਕੁਝ ਨਾਮ ਵੀ ਸ਼ਾਮਿਲ ਸਨ।