View in English:
August 12, 2025 2:40 am

ਬਾਲ ਭਿੱਖਿਆ ਰੋਕਣ ਲਈ ਨੰਗਲ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਕੀਤੀ ਗਈ ਚੈਕਿੰਗ

ਫੈਕਟ ਸਮਾਚਾਰ ਸੇਵਾ

ਰੂਪਨਗਰ, ਅਗਸਤ 11

ਪੰਜਾਬ ਸਰਕਾਰ ਵੱਲੋਂ ਬਾਲ ਭਿੱਖਿਆ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਜੀਵਨ ਜੋਤ ਮੁਹਿੰਮ ਤਹਿਤ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਦੀਆ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਟੀਮ ਨੇ ਅੱਜ ਨੰਗਲ ਸ਼ਹਿਰ ਵਿੱਚ ਬਾਲ ਭਿੱਖਿਆ ਰੋਕਣ ਲਈ ਵਿਸ਼ੇਸ਼ ਚੈਕਿੰਗ ਕੀਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਜਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਨੰਗਲ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਰੇਲਵੇ ਸਟੇਸ਼ਨ, ਬੱਸ ਸਟੈਂਡ, ਸਥਾਨਕ ਬਜ਼ਾਰਾ ਆਦਿ ਥਾਵਾਂ ਵਿੱਚ ਛਾਪੇਮਾਰੀ ਕੀਤੀ ਗਈ। ਰਜਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੱਚਿਆ ਦੇ ਭੀਖ ਮੰਗਣ ਨੂੰ ਰੋਕਣ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਹ ਟੀਮ ਪੁਲਿਸ ਅਤੇ ਹੋਰ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨਾਲ ਮਿਲ ਕੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਜਿਸ ਤਹਿਤ ਭੀਖ ਮੰਗਣ ਚ ਸ਼ਾਮਲ ਬੱਚਿਆਂ ਨੂੰ ਬਚਾਇਆ ਜਾਵੇਗਾ ਤੇ ਉਨ੍ਹਾਂ ਦਾ ਪੁਨਰਵਾਸ ਕੀਤਾ ਜਾਵੇਗਾ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਹੁਣ ਤੱਕ 12 ਬੱਚੇ ਬਾਲ ਭਿੱਖਿਆ ਦੌਰਾਨ ਰੈਸਕਿਊ ਕੀਤੇ ਜਾ ਚੁੱਕੇ ਹਨ ਅਤੇ ਅੱਜ 2 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ ਇਹ ਰੈਸਕਿਊ ਕੀਤੇ ਸਾਰੇ ਬੱਚੇ ਬਾਲ ਭਲਾਈ ਕਮੇਟੀ ਦੁਆਰਾ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਤੋਂ ਬਾਅਦ ਮਾਤਾ ਪਿਤਾ ਨੂੰ ਚੇਤਾਵਨੀ ਦੇ ਕੇ ਉਨ੍ਹਾਂ ਦੇ ਸਪੁਰਦ ਕਰ ਦਿੱਤੇ ਗਏ ਹਨ।

ਇਸ ਤੋਂ ਇਲਾਵਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਹ ਮੁਹਿੰਮ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਉਹ ਇਨ੍ਹਾਂ ਬੱਚਿਆਂ ਨੂੰ ਭੀਖ ਦੇਣੀ ਬੰਦ ਕਰਨਗੇ ਅਤੇ ਬੱਚਿਆਂ ਨੂੰ ਚੰਗਾ ਭਵਿੱਖ ਬਣਾਉਣ ਲਈ ਪ੍ਰੇਰਿਤ ਕਰਨਗੇ।

ਇਸ ਚੈਕਿੰਗ ਮੁਹਿੰਮ ਦੌਰਾਨ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਦੇ ਕਰਮਚਾਰੀ, ਚਾਈਲਡ ਹੈਲਪਲਾਈਨ ਦੇ ਕਰਮਚਾਰੀ ਅਤੇ ਪੁਲਿਸ ਵਿਭਾਗ ਦੇ ਨੁਮਾਇੰਦੇ ਮੌਜੂਦ ਸਨ।

Leave a Reply

Your email address will not be published. Required fields are marked *

View in English