ਫੈਕਟ ਸਮਾਚਾਰ ਸੇਵਾ
ਤਰਨ ਤਾਰਨ, ਜਨਵਰੀ 24
ਪੰਜਾਬ ਸਰਕਾਰ ਅਤੇ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਨਾਗਰਿਕਾਂ ਦੀ ਚੰਗੀ ਅਤੇ ਨਰੋਈ ਸਿਹਤ ਪ੍ਰਤੀ ਕੀਤੀ ਗਈ ਵਚਨਬੱਧਤਾ ਦੀ ਉਦਾਹਰਨ ਉਸ ਵੇਲੇ ਸਾਹਮਣੇ ਆਈ ਜਦੋਂ ਸ਼ੁਕਰਵਾਰ ਨੂੰ ਜ਼ਿਲ੍ਹਾ ਹਸਪਤਾਲ, ਤਰਨ ਤਾਰਨ ਵਿਖੇ ਹਾਰਟ ਅਟੈਕ ਵਾਲੀ ਮਹਿਲਾ ਮਰੀਜ਼ ਨੂੰ ਸਟੈਮੀ ਪ੍ਰੋਜੈਕਟ ਤਹਿਤ 45000 ਰੁਪਈਆ ਦੀ ਕੀਮਤ ਵਾਲਾ ਪਹਿਲਾ ਟੇਨੇਕਟਪਲੇਸ ਟੀਕਾ ਲਗਾ ਕੇ ਕੀਮਤੀ ਜਾਨ ਨੂੰ ਬਚਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਪਿੰਡ ਮੋਹਨਪੁਰਾ ਦੀ ਰਹਿਣ ਵਾਲੀ ਵੀਰ ਕੌਰ ਜਿਸ ਦੀ ਉਮਰ ਲੱਗਭਗ 68 ਸਾਲ ਹੈ ਉਹ ਸਵੇਰ ਸਾਰ ਜ਼ਿਲ੍ਹਾ ਹਸਪਤਾਲ ਵਿਖ਼ੇ ਨਾ ਸਹਿਣ ਯੋਗ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਲੈ ਕੇ ਪਹੁੰਚੀ। ਉਹਨਾਂ ਦੱਸਿਆ ਕਿ ਵੀਰ ਕੌਰ ਨੂੰ ਸਾਹ ਲੈਣ ਵਿੱਚ ਵੀ ਬਹੁਤ ਸਮੱਸਿਆ ਅਤੇ ਬਹੁਤ ਤਰੇਲੀਆਂ ਆ ਰਹੀਆਂ ਸਨ।
ਸਿਵਲ ਸਰਜਨ ਡਾਕਟਰ ਰਾਏ ਨੇ ਦੱਸਿਆ ਕਿ ਮਾਹਿਰ ਡਾਕਟਰਾਂ ਵੱਲੋਂ ਜਦੋਂ ਮਰੀਜ਼ ਦੀ ਈ.ਸੀ.ਜੀ ਕਰਵਾਈ ਗਈ ਤਾਂ ਪਾਇਆ ਗਿਆ ਕਿ ਮਰੀਜ਼ ਨੂੰ ਗੰਭੀਰ ਦਿਲ ਦਾ ਦੌਰਾ ਪਿਆ ਹੈ। ਉਹਨਾਂ ਕਿਹਾ ਕਿ ਮਰੀਜ਼ ਦੀ ਨਾਜੁਕ ਹਾਲਤ ਨੂੰ ਵੇਖਦਿਆਂ ਹੋਇਆਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਰਬਜੀਤ ਦੀ ਨਿਗਰਾਨੀ ਹੇਠ ਮੈਡੀਸਿਨ ਸਪੈਸ਼ਲਿਸਟ ਡਾਕਟਰ ਨਵਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਕੀਮਤੀ ਟੀਕੇ ਨੂੰ ਬਿਨਾਂ ਸਮਾਂ ਗਵਾਈ ਮਰੀਜ਼ ਵੀਰ ਕੌਰ ਨੂੰ ਲਗਾ ਕੇ ਕੀਮਤੀ ਜਾਨ ਨੂੰ ਬਚਾਇਆ ਗਿਆ।
ਸਿਵਲ ਸਰਜਨ ਡਾਕਟਰ ਰਾਏ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਟੀਕੇ ਦੀ ਕੀਮਤ 45000 ਦੇ ਕਰੀਬ ਹੈ ਅਤੇ ਇਹ ਟੀਕਾ ਦਿਲ ਦੇ ਦੌਰੇ ਵਾਲੇ ਮਰੀਜ਼ਾਂ ਲਈ ਵਰਦਾਨ ਹੈ। ਉਹਨਾਂ ਦੱਸਿਆ ਕਿ ਜੇਕਰ ਮਰੀਜ਼ ਨੂੰ ਛਾਤੀ ਵਿੱਚ ਤਿੱਖੀ ਪੀੜ, ਸਾਹ ਲੈਣ ਵਿੱਚ ਦਿੱਕਤ ਜਾਂ ਫਿਰ ਤਰੇਲੀਆਂ ਆਉਣ ਤਾਂ ਉਤਰੰਤ ਜਿਲਾ ਹਸਪਤਾਲ ਆ ਕੇ ਆਪਣੇ ਡਾਕਟਰੀ ਜਾਂਚ ਕਰਵਾਏ ਅਤੇ ਜੇਕਰ ਉਸ ਵਿਅਕਤੀ ਨੂੰ ਹਾਰਟ ਅਟੈਕ ਵਰਗੀ ਸੱਮਸਿਆ ਪੇਸ਼ ਆਉਂਦੀ ਹੈ ਤਾਂ ਉਸ ਨੂੰ ਇਹ ਟੀਕਾ ਬਿਲਕੁਲ ਮੁਫਤ ਲਗਾ ਕੇ ਜਾਨ ਨੂੰ ਬਚਾਇਆ ਜਾ ਸਕੇਗਾ।
ਉਹਨਾਂ ਕਿਹਾ ਕਿ ਅਜਿਹੇ ਲੱਛਣਾਂ ਵਾਲੇ ਮਰੀਜ਼ ਸਿਵਲ ਹਸਪਤਾਲ ਤੁਰੰਤ ਪਹੁੰਚਣ। ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐਸ.ਟੀ.ਈ.ਐਮ.ਆਈ. ਪੰਜਾਬ ਪ੍ਰੋਜੈਕਟ ਇੱਕ ਹਾਰਟ ਅਟੈਕ ਮੈਨੇਜਮੈਂਟ ਪ੍ਰੋਗਰਾਮ ਹੈ, ਜੋ ਜ਼ਿਲਾ ਹਸਪਤਾਲ ਅਤੇ ਸਬ ਡਿਵੀਜ਼ਨ ਨਾਲ ਹਸਪਤਾਲਾਂ ਵਿੱਚ ਸ਼ੁਰੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਪ੍ਰੋਜੈਕਟ ਰਾਹੀਂ ਹਬ ਅਤੇ ਸਪੋਕ ਫਾਰਮੂਲਾ ਤਹਿਤ ਮਰੀਜ਼ ਨੂੰ ਸਿਹਤ ਸਹੂਲਤ ਮੁਹਈਆ ਕਰਵਾਈ ਜਾਵੇਗੀ ਜਿਸ ਵਿਚ ‘ਸਪੋਕ’ ਹਸਪਤਾਲ ਵੱਲੋਂ ਹਾਰਟ ਅਟੈਕ ਦੇ ਮਰੀਜ਼ ਨੂੰ ਮੁਢਲੀ ਸਿਹਤ ਸਹੂਲਤ ਅਤੇ ‘ਹਬ’ ਹਸਪਤਾਲ ਜੋ ਕਿ ਅੰਮ੍ਰਿਤਸਰ ਵਿਖੇ ਹੈ ਉੱਥੇ ਮਰੀਜ਼ ਨੂੰ ਅੱਗੇ ਦਾ ਇਲਾਜ ਮੁਹਈਆ ਬਿਲਕੁਲ ਮੁਫਤ ਕਰਵਾਇਆ ਜਾਵੇਗਾ।
ਜ਼ਿਲਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਟੀਕਾ ਲਗਾਉਣ ਉਪਰੰਤ ਮਰੀਜ਼ ਵੀਰ ਕੌਰ ਦੀ ਹਾਲਤ ਸਥਿਰ ਹੋ ਗਈ ਅਤੇ ਮਰੀਜ਼ ਦੇ ਲੱਛਣਾਂ ਵਿੱਚ ਵੀ ਸੁਧਾਰ ਪਾਇਆ ਗਿਆ। ਉਹਨਾਂ ਦੱਸਿਆ ਕਿ ਮਰੀਜ਼ ਲਗਭਗ ਦੋ ਘੰਟਿਆਂ ਤੱਕ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਣ ਉਪਰੰਤ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਅਗਲੇਰੀ ਜਾਂਚ ਭੇਜਿਆ ਗਿਆ।
ਉਹਨਾਂ ਦੱਸਿਆ ਕਿ ਸਟੈਮੀ ਪ੍ਰੋਜੈਕਟ ਅਧੀਨ ਅੰਮ੍ਰਿਤਸਰ ਵਿਖੇ ਵੀ ਮਰੀਜ਼ ਦੀ ਸਾਰੀ ਸਿਹਤ ਜਾਂਚ ਟੈਸਟ ਅਤੇ ਇਲਾਜ ਮੁਫਤ ਹੋਵੇਗਾ। ਇਸ ਮੌਕੇ ਮੈਡੀਸਨ ਸਪੈਸ਼ਲਿਸਟ ਡਾਕਟਰ ਨਵਪ੍ਰੀਤ ਸਿੰਘ, ਮੈਡੀਕਲ ਅਫਸਰ ਡਾਕਟਰ ਜੋਬਨਜੀਤ, ਡਾਕਟਰ ਪਵਨਪ੍ਰੀਤ ਸਿੰਘ ਜਿਲਾ ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ ਆਦਿ ਮੌਜੂਦ ਰਹੇ।