ਪੰਜਾਬ ਬਜਟ 2026-27: ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ 2,60,437 ਕਰੋੜ ਦਾ ਬਜਟ

ਚੰਡੀਗੜ੍ਹ: 08 ਮਾਰਚ, 2026

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿਧਾਨ ਸਭਾ ਵਿੱਚ ਵਿੱਤੀ ਸਾਲ 2026-27 ਲਈ 2,60,437 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਸਾਲ ਦਾ ਬਜਟ ਪੂਰੀ ਤਰ੍ਹਾਂ ਨਾਲ ਔਰਤਾਂ ਨੂੰ ਸਮਰਪਿਤ ਰਿਹਾ, ਜਿਸ ਦਾ ਪ੍ਰਤੀਕ ਬਜਟ ਦੀਆਂ ਕਾਪੀਆਂ ‘ਤੇ ਲੱਗੀ ਰਵਾਇਤੀ ‘ਫੁਲਕਾਰੀ’ ਸੀ। ਬਜਟ ਸੈਸ਼ਨ ਦੌਰਾਨ ਕਈ ਦਿਲਚਸਪ ਪਲ ਦੇਖਣ ਨੂੰ ਮਿਲੇ, ਜਿੱਥੇ ਸਦਨ ਵਿੱਚ ਗੰਭੀਰਤਾ ਦੇ ਨਾਲ-ਨਾਲ ਹਲਕੀ-ਫੁਲਕੀ ਨੋਕ-ਝੋਕ ਵੀ ਚੱਲਦੀ ਰਹੀ।

ਸਭ ਤੋਂ ਵੱਡੀ ਚਰਚਾ ‘ਮੁੱਖ ਮੰਤਰੀ ਮਾਵਾਂ- ਧੀਆਂ ਸਨਮਾਨ ਯੋਜਨਾ’ ਦੀ ਰਹੀ, ਜਿਸ ਤਹਿਤ ਔਰਤਾਂ ਨੂੰ ਮਹੀਨਾਵਾਰ ਭੱਤਾ ਦਿੱਤਾ ਜਾਵੇਗਾ। ਇਸ ‘ਤੇ ਟਿੱਪਣੀ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਇਹ ਸਕੀਮ ਸੱਸਾਂ ਅਤੇ ਨੂੰਹਾਂ ਵਿਚਕਾਰ ਝਗੜੇ ਘਟਾਉਣ ਵਿੱਚ ਵੱਡਾ ਯੋਗਦਾਨ ਪਾਵੇਗੀ, ਕਿਉਂਕਿ ਹੁਣ ਹਰ ਔਰਤ ਕੋਲ ਆਪਣਾ ਪੈਸਾ ਹੋਵੇਗਾ। ਸਪੀਕਰ ਨੇ ਇਸ ਨੂੰ ਇੱਕ ਚੰਗਾ ਕਦਮ ਦੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ।

ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੁਰਾਣੇ ਸ਼ਾਸਕਾਂ ‘ਤੇ ਤੰਜ ਕੱਸਦਿਆਂ ਕਿਹਾ ਕਿ ਕਵਿਤਾਵਾਂ ਲਿਖਣ ਵਾਲਿਆਂ ਨੇ ਖਜ਼ਾਨੇ ਨੂੰ ਕੀ ਨੁਕਸਾਨ ਪਹੁੰਚਾਇਆ ਹੈ ਇਹ ਸਭ ਜਾਣਦੇ ਹਨ, ਪਰ ਹੁਣ ਇੱਕ ਮਜ਼ਦੂਰ ਦੇ ਪੁੱਤਰ ਨੇ ਫੰਡਾਂ ਵਿੱਚ 297 ਫੀਸਦੀ ਤੱਕ ਦਾ ਵਾਧਾ ਕਰਕੇ ਦਿਖਾਇਆ ਹੈ। ਇਸ ਮੌਕੇ ਮੰਤਰੀ ਅਮਨ ਅਰੋੜਾ ਨੇ ਵਿੱਤ ਮੰਤਰੀ ਦੇ ਭਾਸ਼ਣ ਵਿੱਚ ਦਖਲ ਦਿੰਦਿਆਂ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਚੀਮਾ ਸਾਹਿਬ ਅੱਜ ਸਾਰਿਆਂ ਨੂੰ ਖੁਸ਼ ਕਰ ਰਹੇ ਹਨ।

ਸੈਸ਼ਨ ਦੌਰਾਨ ਤਕਨੀਕੀ ਰੁਕਾਵਟਾਂ ਵੀ ਆਈਆਂ, ਜਦੋਂ ਵਿੱਤ ਮੰਤਰੀ ਦਾ ਹੱਥ ਆਪਣੀ ਟੈਬ ਦੀ ਸਕ੍ਰੀਨ ‘ਤੇ ਲੱਗਣ ਕਾਰਨ ਭਾਸ਼ਣ ਕੁਝ ਦੇਰ ਲਈ ਰੁਕ ਗਿਆ। ਇਸ ਦੌਰਾਨ ਸਪੀਕਰ ਸੰਧਵਾ ਨੇ ਉਨ੍ਹਾਂ ਨੂੰ ਪਾਣੀ ਪੀਣ ਦੀ ਸਲਾਹ ਦਿੱਤੀ। ਬਜਟ ਵਿੱਚ ਇੱਕ ਹੋਰ ਵੱਡਾ ਐਲਾਨ ਵਿਧਾਇਕ ਫੰਡ ਨੂੰ 5 ਕਰੋੜ ਤੋਂ ਵਧਾ ਕੇ 10 ਕਰੋੜ ਰੁਪਏ ਕਰਨ ਦਾ ਸੀ, ਜਿਸ ‘ਤੇ ਸਦਨ ਵਿੱਚ ਵਿਧਾਇਕਾਂ ਨੇ ਖੂਬ ਤਾੜੀਆਂ ਮਾਰੀਆਂ।

ਬਜਟ ਸੁਣਨ ਲਈ ਵਿੱਤ ਮੰਤਰੀ ਹਰਪਾਲ ਚੀਮਾ ਦੀ ਪਤਨੀ ਮਨਜੀਤ ਕੌਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ‘ਤੇ ਸਦਨ ਵਿੱਚ ਪਹੁੰਚੀਆਂ ਸਨ। ਸਪੀਕਰ ਨੇ ਸੰਜੀਵ ਅਰੋੜਾ ਅਤੇ ਅਮਨ ਅਰੋੜਾ ਦੇ ਇਕੋ ਜਿਹੇ ਕੱਪੜਿਆਂ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਦੋਵੇਂ ਸੁੰਦਰ ਲੱਗ ਰਹੇ ਹਨ। ਬਜਟ ਪੇਸ਼ ਕਰਨ ਤੋਂ ਪਹਿਲਾਂ ਹਰਪਾਲ ਚੀਮਾ ਨੇ ਆਪਣੀ ਮਾਤਾ ਦਾ ਆਸ਼ੀਰਵਾਦ ਲਿਆ ਅਤੇ ਆਪਣੀ ਸਰਕਾਰੀ ਰਿਹਾਇਸ਼ ਤੋਂ ਸਦਨ ਲਈ ਰਵਾਨਾ ਹੋਏ।

Leave a Reply

Your email address will not be published. Required fields are marked *

View in English