ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ, ਮਾਰਚ 2
ਪੰਜਾਬ ਵਿੱਚ ਕਿਰਤੀਆਂ ਦੀ ਭਲਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਵਜੀਫਾ ਸਕੀਮ ਅਧੀਨ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ 2 ਹਜ਼ਾਰ ਰੁਪਏ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਦਾ ਲਾਭ ਉਠਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਵਜੀਫਾ ਸਕੀਮ ਪ੍ਰਾਪਤ ਕਰਨ ਲਈ ਕਿਰਤੀ ਦੀ ਦੋ ਸਾਲ ਦੀ ਸਰਵਿਸ ਹੋਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਵਜੀਫਾ ਸਕੀਮ ਕਿਰਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਵਜੀਫਾ ਸਕੀਮ ਨੂੰ ਪ੍ਰਾਪਤ ਕਰਨ ਲਈ ਕਿਰਤੀ ਦੀ ਦੋ ਸਾਲ ਦੀ ਸਰਵਿਸ ਹੋਣ ਦੀ ਸ਼ਰਤ ਲਾਜ਼ਮੀ ਸੀ, ਜਿਸਨੂੰ ਕਿ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਪਹਿਲ ਕਦਮੀ ਤੋਂ ਬਾਅਦ ਹਟਾ ਦਿੱਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਦੀ ਪੜ੍ਹਾਈ ਲਈ ਵਜੀਫਾ ਸਕੀਮ ਦਾ ਲਾਭ ਕਿਰਤੀ ਵੱਲੋਂ ਅੰਸ਼ਦਾਨ ਕਰਨ ਦੀ ਮਿਤੀ ਤੋਂ ਹੀ ਲਿਆ ਜਾ ਸਕਦਾ ਹੈ। ਸੌਂਦ ਨੇ ਕਿਹਾ ਕਿ ਪੰਜਾਬ ਦੇ ਕਿਰਤੀਆਂ ਦੇ ਬੱਚਿਆਂ ਦੀ ਵਿੱਦਿਆ ‘ਚ ਵਜੀਫਾ ਸਕੀਮ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਵਜੀਫਾ ਸਕੀਮ ਦਾ ਲਾਭ ਪਹਿਲੀ ਕਲਾਸ ਤੋਂ ਲੈ ਕੇ ਉੱਚ ਵਿੱਦਿਆ ਤੱਕ ਹਾਸਲ ਕੀਤਾ ਜਾ ਸਕਦਾ ਹੈ।
ਪੰਜਾਬ ਲੇਬਰ ਵੈਲਫੇਅਰ ਬੋਰਡ ਦੀ ਵਜੀਫਾ ਸਕੀਮ ਅਧੀਨ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਲੜਕੀਆਂ ਨੂੰ 3 ਹਜ਼ਾਰ ਰੁਪਏ ਅਤੇ ਲੜਕਿਆਂ ਨੂੰ 2 ਹਜ਼ਾਰ ਰੁਪਏ ਪ੍ਰਤੀ ਸਾਲ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ 6ਵੀਂ ਤੋਂ 8ਵੀਂ ਕਲਾਸ ਤੱਕ ਲੜਕੀਆਂ ਨੂੰ 5 ਹਜ਼ਾਰ ਰੁਪਏ ਅਤੇ ਲੜਕਿਆਂ ਨੂੰ 7 ਹਜ਼ਾਰ ਰੁਪਏ ਪ੍ਰਤੀ ਸਾਲ ਦਿੱਤੇ ਜਾਂਦੇ ਹਨ। ਇਹੀ ਰਾਸ਼ੀ ਨੌਵੀਂ ਅਤੇ ਦਸਵੀਂ ਕਲਾਸ ਦੇ ਮੁੰਡਿਆਂ ਨੂੰ 13,000 ਰੁਪਏ ਅਤੇ ਕੁੜੀਆਂ ਨੂੰ 10,000 ਰੁਪਏ ਦਿੱਤੀ ਜਾਂਦੀ ਹੈ। 10+1 ਅਤੇ 10+2 ਦੀਆਂ ਲੜਕੀਆਂ ਨੂੰ 20,000 ਰੁਪਏ ਅਤੇ ਲੜਕਿਆਂ ਨੂੰ 25,000 ਰੁਪਏ ਪ੍ਰਤੀ ਸਾਲ ਵਜੀਫਾ ਰਾਸ਼ੀ ਦਿੱਤੀ ਜਾਂਦੀ ਹੈ।
ਕਾਲਜ ਵਿਦਿਆਰਥੀਆਂ (ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਆਈਟੀਆਈ, ਪੋਲੀਟੈਕਨਿਕ, ਏਐਨਐਮ, ਜੀਐਨਐਮ ਅਤੇ ਹੋਰ ਪ੍ਰੋਫੈਸ਼ਨਲ ਕੋਰਸਾਂ) ਲਈ ਲੜਕੀਆਂ ਨੂੰ 25,000 ਰੁਪਏ (ਜੇਕਰ ਹੋਸਟਲਰ ਹੈ ਤਾਂ 40,000 ਰੁਪਏ) ਅਤੇ ਲੜਕਿਆਂ ਨੂੰ 30,000 ਰੁਪਏ (ਜੇਕਰ ਹੋਸਟਲਰ ਹੈ ਤਾਂ 45,000 ਰੁਪਏ) ਪ੍ਰਤੀ ਸਾਲ ਵਜੀਫਾ ਰਾਸ਼ੀ ਦਿੱਤੀ ਜਾਂਦੀ ਹੈ।
ਇਸੇ ਤਰ੍ਹਾਂ ਮੈਡੀਕਲ, ਇੰਜਨੀਅਰਿੰਗ ਅਤੇ ਹੋਰ ਪ੍ਰੋਫੈਸ਼ਨਲ ਕੋਰਸਾਂ ਲਈ ਲੜਕੀਆਂ ਨੂੰ 40,000 ਰੁਪਏ (ਜੇਕਰ ਹੋਸਟਲਰ ਹੈ ਤਾਂ 60,000 ਰੁਪਏ) ਅਤੇ ਲੜਕਿਆਂ ਨੂੰ 50,000 ਰੁਪਏ (ਜੇਕਰ ਹੋਸਟਲਰ ਹੈ ਤਾਂ 70,000 ਰੁਪਏ) ਪ੍ਰਤੀ ਸਾਲ ਵਜੀਫਾ ਰਾਸ਼ੀ ਦਿੱਤੀ ਜਾਂਦੀ ਹੈ।