ਫੈਕਟ ਸਮਾਚਾਰ ਸੇਵਾ
ਖੰਨਾ, ਅਗਸਤ 13
ਖੰਨਾ ਦੇ ਐਸ.ਡੀ.ਐਮ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਟੀਮ ਨੇ ਸਬ ਡਵੀਜਨ ਅੰਦਰ ਪੈਂਦੇ ਪ੍ਰਾਈਵੇਟ ਸਕੂਲਾਂ ਦੇ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਸੇਫ ਸਕੂਲ ਵਾਹਨ ਨੀਤੀ ਤਹਿਤ ਸਾਹਮਣੇ ਆਈਆਂ ਖਾਮੀਆਂ ਦੂਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਅਤੇ ਕੁੱਝ ਵਾਹਨਾਂ ਦੇ ਚਲਾਨ ਵੀ ਕੱਟੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਇਨਚਾਰਜਾਂ ਨਾਲ ਵੀ ਮੀਟਿੰਗਾਂ ਕਰਕੇ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਸਕੂਲਾਂ ਲਈ ਵਰਤੀ ਜਾ ਰਹੀ ਸਕੂਲ ਅਤੇ ਪ੍ਰਾਈਵੇਟ ਟਰਾਂਸਪੋਰਟ ਦਾ ਡਾਟਾ ਭੇਜਿਆ ਜਾਵੇ ਤਾਂ ਜੋ ਉਹਨਾਂ ਦੇ ਕਾਗਜਾਤ ਚੈਕ ਕੀਤੇ ਜਾ ਸਕਣ।
ਇਸ ਉਪਰੰਤ ਉਨ੍ਹਾਂ ਸਕੂਲਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਰੂਲਾਂ ਤਹਿਤ ਸਾਰੀਆਂ ਖਾਮੀਆਂ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਇਸ ਸਬੰਧੀ ਬੱਚਿਆਂ ਦੇ ਮਾਪਿਆਂ ਨਾਲ ਵੀ ਰਾਬਤਾ ਕੀਤਾ ਜਾਵੇ ਅਤੇ ਉਨਾਂ ਨੂੰ ਵੀ ਜਾਰੀ ਹਦਾਇਤਾਂ ਸਬੰਧੀ ਜਾਣੂ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਸਕੂਲਾਂ ਦੇ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਸੇਫ ਵਾਹਨ ਪਾਲਿਸੀ ਤਹਿਤ ਜੋ ਖਾਮੀਆਂ ਪਾਈਆਂ ਗਈਆਂ ਉਹਨਾਂ ਸਬੰਧੀ ਮੌਕੇ ਉਤੇ ਹੀ ਹਦਾਇਤਾਂ ਜਾਰੀ ਕੀਤੀ ਗਈ ਕਿ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਵੱਲੋਂ ਸਕੂਲ ਵਾਹਨ ਫਿਰ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਇਸ ਲਈ ਜਿਹਨਾਂ ਸਕੂਲਾਂ ਦੇ ਵਾਹਨਾਂ ਦੇ ਕਾਗਜਾਂ ਵਿੱਚ ਜ਼ੋ ਵੀ ਕਮੀਆਂ ਹਨ, ਉਨਾਂ ਨੂੰ ਤੁਰੰਤ ਮੁਕੰਮਲ ਕਰ ਲਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਗਿਆ ਕਿ ਜੇਕਰ ਸਕੂਲਾਂ ਦੇ ਵਾਹਨਜ ਜਾਂ ਪ੍ਰਾਈਵੇਟ ਵਾਹਨ ਹਰ ਪਖੋਂ ਸਹੀ ਹੋਣਗੇ ਤਾਂ ਹੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਂਈ ਜਾ ਸਕਦੀ ਹੈ। ਬੱਚਿਆਂ ਦੀ ਸੁਰੱਖਿਆ ਪ੍ਰਸ਼ਾਸਨ, ਸਕੂਲਾਂ, ਮਾਪਿਆਂ ਆਦਿ ਸਭ ਦੀ ਸਮੂਹਿਕ ਜਿੰਮੇਵਾਰੀ ਹੈ।
ਉਨ੍ਹਾਂ ਨੇ ਸਕੂਲ ਮੈਨੇਜਮੈਂਟ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰੀਆਂ ਖਾਮੀਆਂ ਨੂੰ ਆਉਣ ਵਾਲੇ 10 ਤੋਂ15 ਦਿਨਾਂ ਵਿੱਚ ਦੂਰ ਕੀਤਾ ਜਾਵੇ ਅਤੇ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਵਲੋਂ ਮੁੜ ਤੋਂ ਨਿਰੀਖਣ ਕੀਤਾ ਜਾਵੇਗਾ ਪਰ ਜੇਕਰ ਦੁਬਾਰਾ ਕੋਈ ਕਮੀ ਮਿਲਦੀ ਹੈ ਤਾਂ ਨਿਯਮਾਂ ਮੁਤਾਬਕ ਮੁੜ ਤੋਂ ਚਲਾਨ ਕੀਤਾ ਜਾਵੇਗਾ ਅਤੇ ਬੱਸਾਂ ਨੂੰ ਜ਼ਬਤ ਵੀ ਕੀਤਾ ਜਾਵੇਗਾ।