ਫੈਕਟ ਸਮਾਚਾਰ ਸੇਵਾ
ਜੰਮੂ , ਜਨਵਰੀ 25
ਜੰਮੂ-ਸ੍ਰੀਨਗਰ ਕੌਮੀ ਮਾਰਗ ਭਾਰੀ ਬਰਫ਼ਬਾਰੀ ਕਾਰਨ ਦੋ ਦਿਨਾਂ ਤੋਂ ਵੱਧ ਸਮੇਂ ਤੱਕ ਬੰਦ ਰਿਹਾ ਸੀ। ਇਸ ਮਾਰਗ ’ਤੇ ਅੱਜ ਆਵਾਜਾਈ ਅੰਸ਼ਕ ਤੌਰ ’ਤੇ ਬਹਾਲ ਕਰ ਦਿੱਤੀ ਗਈ ਹੈ। ਸ੍ਰੀਨਗਰ ਸਮੇਤ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਅੱਜ ਸਵੇਰੇ ਤਾਜ਼ਾ ਬਰਫ਼ਬਾਰੀ ਹੋਈ ਜਿਸ ਕਾਰਨ ਹਾਈਵੇਅ ’ਤੇ ਬਰਫ਼ ਹਟਾਉਣ ਦੇ ਕੰਮ ਵਿੱਚ ਰੁਕਾਵਟ ਆਈ।
ਟਰੈਫਿਕ ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ ਕਿ ‘ਜੰਮੂ-ਸ੍ਰੀਨਗਰ ਮਾਰਗ ਅੰਸ਼ਕ ਤੌਰ ’ਤੇ ਬਹਾਲ ਕਰ ਦਿੱਤਾ ਗਿਆ ਹੈ। ਨਾਸ਼ਰੀ ਅਤੇ ਨਵਯੁਗ ਸੁਰੰਗਾਂ ਵਿਚਕਾਰ ਫਸੇ ਵਾਹਨਾਂ ਨੂੰ ਪਹਿਲਾਂ ਸਾਫ਼ ਕੀਤਾ ਜਾ ਰਿਹਾ ਹੈ। ਇੱਥੇ ਸ਼ੁੱਕਰਵਾਰ ਤੋਂ ਬਾਅਦ ਭਾਰੀ ਬਰਫ਼ਬਾਰੀ ਹੋਈ ਜਿਸ ਕਾਰਨ ਸੜਕਾਂ ਬੰਦ ਹੋਣ ਕਾਰਨ ਸੈਂਕੜੇ ਵਾਹਨ 270 ਕਿਲੋਮੀਟਰ ਲੰਬੇ ਰਾਜਮਾਰਗ ’ਤੇ ਫਸੇ ਹੋਏ ਸਨ।
ਇਸ ਖੇਤਰ ਵਿਚ ਭਾਰੀ ਬਰਫਬਾਰੀ ਹੋਈ ਤੇ ਮੌਸਮ ਖਰਾਬ ਹੋਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਅੱਜ ਤੀਜੇ ਦਿਨ ਵੀ ਸਵੇਰ ਵੇਲੇ ਬੰਦ ਰਿਹਾ। ਇਸ ਸੜਕ ਤੇ ਹੋਰ ਬੰਦ ਪਏ ਰਸਤਿਆਂ ਨੂੰ ਖੋਲ੍ਹਣ ਲਈ ਮੁਰੰਮਤ ਦਾ ਕੰਮ ਜਾਰੀ ਹੈ। ਇਥੇ ਭਾਰੀ ਬਰਫਬਾਰੀ ਕਾਰਨ ਵੱਡੀ ਗਿਣਤੀ ਲੋਕ ਰਾਹ ਵਿਚ ਫਸ ਗਏ ਹਨ ਤੇ ਸੜਕਾਂ ’ਤੇ ਤਿਲਕਣ ਵਧਣ ਕਾਰਨ ਕਈ ਗੱਡੀਆਂ ਦਾ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਨੇ ਸੈਲਾਨੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਬਰਫਬਾਰੀ ਦੌਰਾਨ ਸੜਕਾਂ ’ਤੇ ਨਿਕਲਣ ਤੋਂ ਗੁਰੇਜ਼ ਕਰਨ।
ਜਾਣਕਾਰੀ ਅਨੁਸਾਰ ਪਟਨੀਟੌਪ ਜਾਣ ਵਾਲੇ ਸੈਲਾਨੀਆਂ ਲਈ ਸੜਕ ਨੂੰ ਅਸਥਾਈ ਤੌਰ ‘ਤੇ ਖੋਲ੍ਹ ਦਿੱਤਾ ਗਿਆ ਹੈ ਪਰ ਪੁਲੀਸ ਅਧਿਕਾਰੀ ਸੈਲਾਨੀਆਂ ਨੂੰ ਪਟਨੀਟੌਪ ਜਾਣ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਉਨ੍ਹਾਂ ਦੀਆਂ ਹੋਟਲ ਬੁਕਿੰਗਾਂ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਜਾਣ ਵਾਲੀ ਸੜਕ ਤੋਂ ਇਲਾਵਾ ਡੋਡਾ-ਕਿਸ਼ਤਵਾੜ ਸੜਕ ਵੀ ਬੰਦ ਹੈ। ਇੱਥੇ ਕਈ ਥਾਵਾਂ ’ਤੇ ਤਾਪਮਾਨ ਮਨਫੀ ਵਿਚ ਪਹੁੰਚ ਗਿਆ ਹੈ। ਕਈ ਥਾਵਾਂ ’ਤੇ ਬਿਜਲੀ ਅਤੇ ਪਾਣੀ ਦੀ ਸਪਲਾਈ ਸਮੇਤ ਸਾਰੀਆਂ ਜ਼ਰੂਰੀ ਸੇਵਾਵਾਂ ਠੱਪ ਹਨ। ਜੰਮੂ ਦੇ ਮਸ਼ਹੂਰ ਸੈਲਾਨੀ ਕੇਂਦਰਾਂ ਪਟਨੀਟੌਪ, ਨਥਾਟੌਪ, ਸਨਾਸਰ ਅਤੇ ਬਟੋਟ, ਬਨਿਹਾਲ, ਗੂਲ ਅਤੇ ਹੋਰ ਥਾਵਾਂ ’ਤੇ ਬਰਫ਼ਬਾਰੀ ਹੋਈ, ਜਿਸ ਕਰਕੇ ਇਨ੍ਹਾਂ ਖੇਤਰਾਂ ਵਿੱਚ ਜਨਜੀਵਨ ਠੱਪ ਹੋ ਗਿਆ। ਬਟੋਟ, ਬਨੀਹਾਲ, ਗੂਲ, ਉਖਰਾਲ ਅਤੇ ਰਾਜਗੜ੍ਹ ਦਾ ਰਾਮਬਨ ਜ਼ਿਲ੍ਹਾ ਹੈੱਡਕੁਆਰਟਰ ਤੋਂ ਸੰਪਰਕ ਟੁੱਟਿਆ ਰਿਹਾ।






